ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਦਸੰਬਰ
ਸਿੰਘੂ ਬਾਰਡਰ ’ਤੇ ਕਿਸਾਨਾਂ ਲਈ ਵੱਖ ਵੱਖ ਸੰਸਥਾਵਾਂ, ਟਰੱਸਟਾਂ ਤੇ ਸੁਸਾਇਟੀਆਂ ਨੇ ‘ਮੈਡੀਕਲ ਕੈਂਪ’ ਵੀ ਲਾਏ ਹੋਏ ਹਨ। ਅਕਾਲ ਏਡ ਵੱਲੋਂ ਸਟੇਜ ਦੇ ਪਿੱਛੇ ਕੈਂਪ ਲਾਇਆ ਗਿਆ ਹੈ। ਹਰਿਆਣਾ ਸਰਬ ਕਰਮਚਾਰੀ ਸੰਘ ਵੱਲੋਂ ਵੀ ਨਾਲ ਹੀ ਆਪਣੇ ਸਟਾਲ ਤੋਂ ਦਵਾਈ ਦਿੱਤੀ ਜਾਂਦੀ ਹੈ। ਮੁਹਾਲੀ ਦੇ ਡੇਰਾਬੱਸੀ ਤੋਂ ਲਾਈਫ਼ ਕੇਅਰ ਫਾਊਂਡੇਸ਼ਨ ਦੇ ਅਵਤਾਰ ਸਿੰਘ ਦੀ ਅਗਵਾਈ ਹੇਠ ਇਕ ਟੀਮ ਵੱਲੋਂ ਧਰਨੇ ਵਿੱਚ ਸ਼ਾਮਲ ਹਰ ਟਰਾਲੀ ਵਿੱਚ ਰਹਿੰਦੇ ਕਿਸਾਨਾਂ ਦਾ ਬਲੱਡ ਪ੍ਰੈੱਸ਼ਰ ਤੇ ਲੋੜ ਪੈਣ ਉਪਰ ਸ਼ੂਗਰ ਦੀ ਜਾਂਚ ਕੀਤੀ ਜਾਂਦੀ ਹੈ।ਐੱਸਪੀਐੱਸ ਹਸਪਤਾਲ ਦੀ ਐਂਬੂਲੈਂਸ ਵੀ ਤਾਇਨਾਤ ਹੈ। ਸੰਤ ਮਾਤਾ ਰਣਜੀਤ ਕੌਰ ਹਸਪਤਾਲ, ਸ੍ਰੀ ਆਨੰਦਪੁਰ ਸਾਹਿਬ ਨੇ ਵੀ ਦਵਾਈਆਂ ਦੇਣ ਲਈ ਟੀਮ ਭੇਜੀ ਹੈ। ਮਿਡਲੈਂਡ ਸੁਸਾਇਟੀ ਵੱਲੋਂ ਦਿੱਲੀ ਕਮੇਟੀ ਦੇ ਸਟਾਲ ਕੋਲ ਕੈਂਪ ਲਾਇਆ ਗਿਆ ਹੈ। ਜਥਾ ਸ੍ਰੀ ਅਕਾਲ ਤਖ਼ਤ ਸਾਹਿਬ (ਦਿੱਲੀ ਇਕਾਈ) ਦੇ ਵਾਲੰਟੀਅਰ ਵੀ ਦਵਾਈਆਂ ਵੰਡ ਰਹੇ ਹਨ। ਆਈਪੀਡੀ ਪੰਜਾਬ ਬਚਾਓ ਮੋਰਚਾ ਵੱਲੋਂ ਵੀ ਵੱਡਾ ਡਾਕਟਰੀ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ। ਏਕ ਨੂਰ ਅਵੇਅਰਨੈੱਸ ਚੈਰੀਟੇਵਲ ਹਸਪਤਾਲ ਟਰੱਸਟ, ਨਡਾਲਾ (ਕਪੂਰਥਲਾ), ਪ੍ਰੇਮ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਨੌਜਵਾਨ ਸਭਾ, ਪਿੰਡ ਮਤੇਲਾ ਕਪੂਰਥਲਾ ਤੋਂ ਵੀ ਨੌਜਵਾਨ ਦਵਾਈਆਂ ਮੁਫ਼ਤ ਦੇ ਰਹੇ ਹਨ।