ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਦਿੱਲੀ-ਐੱਨਸੀਆਰ ਵਾਸੀਆਂ ਲਈ ਐਤਵਾਰ ਦਾ ਦਿਨ ਸੁਹਾਵਣਾ ਰਿਹਾ। ਦਿਨ ਵਿੱਚ ਪਏ ਹਲਕੇ ਮੀਂਹ ਨੇ ਹੁੰਮਸ ਤੇ ਗਰਮੀ ਤੋਂ ਛੁਟਕਾਰਾ ਦਿਵਾਇਆ। ਸਵੇਰੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਤੇ ਘੱਟੋ-ਘੱਟ ਤਾਪਮਾਨ 27.1 ਡਿਗਰੀ ਮਾਪਿਆ ਗਿਆ। ਸਵੇੇਰੇ 8.30 ਵਜੇ ਹੁੰਮਸ ਦਾ ਪੱਧਰ 79 ਫ਼ੀਸਦੀ ਸੀ। ਮੌਸਮ ਮਹਿਕਮੇ ਵੱਲੋਂ ਦੱਸਿਆ ਗਿਆ ਕਿ ਸਾਰਾ ਦਿਨ ਅਸਮਾਨ ਉਪਰ ਮੀਂਹ ਵਾਲੇ ਬੱਦਲਾਂ ਦੀ ਆਵਾਜਾਈ ਜਾਰੀ ਰਹੀ ਤੇ ਦਿਨ ਵਿੱਚ ਮੀਂਹ ਪਿਆ। ਮੀਂਹ ਮਗਰੋਂ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਕਰੀਬ 35 ਡਿਗਰੀ ਦਰਜ ਕੀਤਾ ਗਿਆ। ਦਿੱਲੀ ਦੇ ਲੋਕ ਇੰਡੀਆ ਗੇਟ, ਵੱਖ-ਵੱਖ ਪਾਰਕਾਂ ਵਿੱਚ ਸ਼ਾਮ ਦੀ ਠੰਢਕ ਦਾ ਆਨੰਦ ਮਾਣਦੇ ਦੇਖੇ ਗਏ।
ਫਰੀਦਾਬਾਦ (ਪੱਤਰ ਪ੍ਰੇਰਕ): ਦੱਖਣੀ ਹਰਿਆਣਾ ਦੇ ਫਰੀਦਾਬਾਦ, ਬੱਲਭਗੜ੍ਹ, ਪਲਵਲ, ਸੋਹਨਾ, ਗੁਰੂਗ੍ਰਾਮ ਤੇ ਐੱਨਸੀਆਰ ਦੇ ਗਾਜ਼ੀਆਬਾਦ, ਨੋਇਡਾ, ਸੋਨੀਪਤ ਵਿੱਚ ਵੀ ਦਿਨ ਵਿੱਚ ਦੋ-ਤਿੰਨ ਵਾਰ ਹਲਕਾ ਮੀਂਹ ਪਿਆ ਤੇ ਮੌਸਮ ਖੁਸ਼ਗਵਾਰ ਹੋ ਗਿਆ। ਬੀਤੇ ਦਿਨਾਂ ਤੋਂ ਇਸ ਖੇਤਰ ਵਿੱਚ ਮੀਂਹ ਦੀ ਲਗਾਤਾਰਤਾ ਨਾਲ ਫਸਲਾਂ ਨੂੰ ਲਾਹਾ ਮਿਲ ਰਿਹਾ ਹੈ। ਝੋਨਾ ਬੀਜਣ ਵਾਲੇ ਕਿਸਾਨ ਵੀ ਖੁਸ਼ ਹਨ ਤੇ ਬਿਜਲੀ ਦੀ ਖਪਤ ਵੀ ਘਟੀ ਹੈ, ਜੋ ਹੁਣ ਸਨਅਤੀ ਖੇਤਰ ਨੂੰ ਦਿੱਤੀ ਜਾ ਰਹੀ ਹੈ।