ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਸਤੰਬਰ
ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੇ ਕ੍ਰਾਂਤੀਕਾਰੀ ਪੱਖ ’ਤੇ ਬਹੁਤ ਕੁਝ ਲਿਖਿਆ ਤੇ ਚਰਚਾ ਹੋਈ, ਪਰ ਉਸ ਦਾ ਸਿੱਖਿਆ ਪੱਖ ਬਹੁਤ ਘੱਟ ਉੱਕਰਿਆ ਹੈ। ਵਿਦਿਆਰਥੀਆਂ ਲਈ ਆਪਣੇ ਅਕਾਦਮਿਕ ਪੱਖ ਵੱਲ ਵੀ ਧਿਆਨ ਦੇਣਾ ਤੇ ਇਸ ਤੋਂ ਪ੍ਰੇਰਨਾ ਲੈਣੀ ਬਹੁਤ ਜ਼ਰੂਰੀ ਹੈ। ਵਾਈਸ-ਚਾਂਸਲਰ ਬੁੱਧਵਾਰ ਨੂੰ ਯੂਨੀਵਰਸਿਟੀ ਦੇ ਵਾਈਸ ਰੀਗਲ ਲਾਜ ਦੀ ਬੇਸਮੈਂਟ ਵਿੱਚ ਸਥਿਤ ਭਗਤ ਸਿੰਘ ਦੀ ਕੋਠੜੀ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਗੱਲਬਾਤ ਦੌਰਾਨ ਬੋਲ ਰਹੇ ਸਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਇਸ ਸੈੱਲ ਦੀ ਸਾਂਭ ਸੰਭਾਲ ਕੀਤੀ ਗਈ ਹੈ।
ਇਸ ਕਮਰੇ ਵਿੱਚ ਭਗਤ ਸਿੰਘ ਨਾਲ ਸਬੰਧਤ ਇੱਕ ਲਾਇਬ੍ਰੇਰੀ ਵੀ ਸਥਾਪਤ ਕੀਤੀ ਗਈ ਹੈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਅਤੇ ਉਨ੍ਹਾਂ ਬਾਰੇ ਵਿਦਵਾਨਾਂ ਦੀਆਂ ਹੋਰ ਰਚਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।