ਮਨਧੀਰ ਦਿਓਲ
ਨਵੀਂ ਦਿੱਲੀ, 26 ਨਵੰਬਰ
ਟਰੇਡ ਯੂਨੀਅਨਾਂ ਦੇ ਸੱਦੇ ਉਪਰ ਅੱਜ ਕੌਮੀ ਪੱਧਰ ’ਤੇ ਕਰਮਚਾਰੀਆਂ ਦੀ ਹੜਤਾਲ ਕੀਤੀ ਗਈ। ਕੇਂਦਰੀ ਟਰੇਡ ਯੂਨੀਅਨਾਂ ਤੇ ਹੋਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਮਜ਼ਦੂਰ, ਕਿਸਾਨ ਤੇ ਆਮ ਲੋਕਾਂ ਵਿਰੋਧੀ ਕਰਾਰ ਦਿੰਦੇ ਹੋਏ ਦੇਸ਼ ਭਰ ਵਿੱਚ ਥਾਂ-ਥਾਂ ਰੋਸ ਪ੍ਰਦਰਸ਼ਨ, ਧਰਨੇ ਦਿੱਤੇ ਗਏ ਤੇ ਪੁਤਲੇ ਫੂਕੇ ਗਏ। ਦਿੱਲੀ ਵਿੱਚ ਜੰਤਰ-ਮੰਤਰ ਉਪਰ ਏਆਈਯੂਟੀਯੂਸੀ ਦੇ ਅਸ਼ੋਕ ਸਿੰਘ, ਏਟਕ ਤੋਂ ਅਮਰਜੀਤ ਕੌਰ, ਐੱਚਐੱਮਐੱਸ ਵੱਲੋਂ ਹਰਭਜਨ ਸਿੰਘ ਸਿੱਧੂ, ਸੀਟੂ ਵੱਲੋਂ ਤਪਨ ਸੈਨ, ਏਆਈਯੂਟੀਯੂਸੀ ਵੱਲੋਂ ਆਰਕੇ ਸ਼ਰਮਾ, ਸੇਵਾ ਵੱਲੋਂ ਲਤਾ, ਏਆਈਸੀਸੀਟੀਯੂ ਵੱਲੋਂ ਸੰਤੋਸ਼ ਰਾਏ, ਐੱਲਪੀਐੱਫ ਵੱਲੋਂ ਜੇਪੀ ਸਿੰਘ, ਯੂਟੀਯੂਸੀ ਵੱਲੋਂ ਸ਼ਰਤੂਜੀਤ ਸਿੰਘ ਤੇ ਐੱਮਈਸੀ ਦੇ ਆਗੂ ਧਰਨੇ ਵਿੱਚ ਸ਼ਾਮਲ ਹੋਏ। ਕਿਸਾਨਾਂ ਦੀ ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਗਿਆ।
ਹੜਤਾਲ ਦੀਆਂ ਮੰਗਾਂ ਰੁਪਏ ਦਾ ਨਕਦ ਤਬਾਦਲਾ, ਸਾਰੇ ਗੈਰ ਆਮਦਨ ਟੈਕਸ ਅਦਾ ਕਰਨ ਵਾਲੇ ਪਰਿਵਾਰਾਂ ਲਈ 7500 ਪ੍ਰਤੀ ਮਹੀਨਾ, ਹਰ ਲੋੜਵੰਦ ਨੂੰ ਪ੍ਰਤੀ ਮਹੀਨਾ 10 ਕਿਲੋ ਮੁਫਤ ਰਾਸ਼ਨ, ਦਿਹਾਤੀ ਖੇਤਰਾਂ ਵਿਚ ਸਾਲ ਵਿਚ 200 ਦਿਨ ਕੰਮ ਵਧਾਉਣ ਲਈ ਮਨਰੇਗਾ ਦਾ ਵਾਧਾ, ਸ਼ਹਿਰੀ ਖੇਤਰਾਂ ਵਿੱਚ ਰੁਜ਼ਗਾਰ ਦੀ ਗਰੰਟੀ ਦਾ ਵਾਧਾ, ਸਾਰੇ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਮਜ਼ਦੂਰ ਵਿਰੋਧੀ ਮਜ਼ਦੂਰ ਕੋਡਾਂ ਨੂੰ ਵਾਪਸ ਲਿਆ ਜਾਵੇ। ਵਿੱਤੀ ਖੇਤਰ ਸਮੇਤ ਜਨਤਕ ਖੇਤਰ ਦੇ ਅਤੇ ਸਰਕਾਰ ਦੁਆਰਾ ਚਲਾਏ ਜਾ ਰਹੇ ਨਿਰਮਾਣ ਤੇ ਸੇਵਾ ਸੰਸਥਾਵਾਂ ਜਿਵੇਂ ਰੇਲਵੇ, ਆਰਡੀਨੈਂਸ ਫੈਕਟਰੀਆਂ, ਬੰਦਰਗਾਹਾਂ ਆਦਿ ਦਾ ਕਾਰਪੋਰੇਸ਼ਨ ਬੰਦ ਕਰਨ ਤੇ ਨਿੱਜੀਕਰਨ ਨੂੰ ਰੋਕਣਾ, ਸਰਕਾਰੀ ਅਤੇ ਪੀਐੱਸਯੂ ਕਰਮਚਾਰੀਆਂ ਦੀ ਜ਼ਬਰਦਸਤੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ’ਤੇ ਡਰਾਉਣੀ ਸਰਕੂਲਰ ਵਾਪਸ ਲੈਣ, ਸਾਰਿਆਂ ਨੂੰ ਪੈਨਸ਼ਨ ਪ੍ਰਦਾਨ ਕਰਨ, ਐੱਨਪੀਐੱਸ ਨੂੰ ਸਕ੍ਰੈਪ ਕਰਨ ਤੇ ਪਹਿਲਾਂ ਦੀ ਪੈਨਸ਼ਨ ਨੂੰ ਬਹਾਲ ਕਰਨ, ਈਪੀਐੱਸ-95 ਵਿਚ ਸੁਧਾਰ ਕਰਨਾ ਸ਼ਾਮਲ ਹਨ। ਇਸੇ ਦੌਰਾਨ ਕਿਸਾਨਾਂ ਤੇ ਕਾਮਗਾਰਾਂ ਦੇ ਪ੍ਰਦਰਸ਼ਨ ਦੌਰਾਨ ਸ਼ਾਮਲ ਹੋਣ ਜਾ ਰਹੇ ‘ਆਈਸਾ’ ਦੇ ਕਾਰਕੁਨਾਂ ਤੇ ਜੇਐੱਨਯੂ ਦੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।