ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਸਤੰਬਰ
ਦਿੱਲੀ ਪੁਲੀਸ ਵੱਲੋਂ ਰਾਜਧਾਨੀ ਵਾਸੀਆਂ ਨਾਲ ਨੇੜਤਾ ਬਣਾਉਣ ਲਈ ‘ਵੁਈ ਕੇਅਰ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਨਵੀਂ ਬਣੀ ਕਰਤਬਯ ਪੱਥ ਉਪਰ ਸੇਵਾ ਸ਼ਕਤੀ ਬੈਂਡ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਅਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਾਣਕਾਰੀ ਅਨੁਸਾਰ ਇਸ ਮੁਹਿੰਮ ਤਹਿਤ ਦਿੱਲੀ ਦੀਆਂ ਵੱਖ-ਵੱਖ ਤੀਹ ਥਾਵਾਂ ਉਪਰ ਸਮਾਗਮ ਕੀਤੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਨੂੰ ਅਗਲੇ 90 ਦਿਨਾਂ ਦੌਰਾਨ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਸਮਾਗਮ ਦੌਰਾਨ ਨੌਜਵਾਨਾਂ ਲੜਕੇ-ਲੜਕੀਆਂ ਨੇ ਸਵੈ-ਰੱਖਿਆ ਦਾ ਪ੍ਰਦਰਸ਼ਨ ਕਰਦਿਆਂ ਮਾਰਸ਼ਲ ਆਰਟ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਸੈਂਟ ਥੋਮਸ ਸਕੂਲ ਦੇ ਵਿਦਿਆਰਥੀਆਂ ਨੇ ਬੈਂਡ ਵਜਾਇਆ। ਦਿੱਲੀ ਪੁਲੀਸ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਸੇਵਾ ਦਿਵਸ ਤਹਿਤ ਉੱਪ ਰਾਜਪਾਲ ਵੱਲੋਂ ਓਖਲਾ ਵਿੱਚ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ।
ਇਸੇ ਦੌਰਾਨ ਉਪ ਰਾਜਪਾਲ ਵੱਲੋਂ ਡੀਡੀਏ ਦੇ ਏਕੀਕ੍ਰਿਤ ਬਹੁਮੰਤਵੀ ਖੇਡ ਏਰੀਨਾ ਦਾ ਨੀਂਹ ਪੱਥਰ ਸਬ ਸਿਟੀ ਦੁਆਰਕਾ ਵਿੱਚ ਰੱਖਿਆ ਗਿਆ। ਇਸ ਮੌਕੇ ਉਪ ਰਾਜਪਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਖੇਡ ਸਹੂਲਤ ਦਾ ਵੱਧ ਤੋਂ ਵੱਧ ਲਾਹਾ ਲੈਣ।