ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਅਕਤੂਬਰ
ਕੇਜਰੀਵਾਲ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ‘ਐਡਵਾਂਸ ਗ੍ਰੀਨ ਵਾਰ ਰੂਮ’ ਤੇ ‘ਗ੍ਰੀਨ ਦਿੱਲੀ ਐਪ’ ਲਾਂਚ ਕੀਤੀ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪਿਛਲੇ ਸਾਲ ਦਿੱਲੀ ਵਿੱਚ 13 ਹੌਟਸਪੌਟਸ ਦੀ ਪਛਾਣ ਕੀਤੀ ਗਈ ਸੀ ਤੇ ਇਸ ਵਾਰ 150 ਹੌਟਸਪੌਟਸ ਦੀ ਪਛਾਣ ਕੀਤੀ ਗਈ ਹੈ। ਗ੍ਰੀਨ ਵਾਰ ਰੂਮ ਲਈ 21 ਮੈਂਬਰੀ ਟੀਮ ਬਣਾਈ ਗਈ ਹੈ। ਇਹ ਟੀਮ ਸਰਦੀ ਦੇ ਮੌਸਮ ਵਿੱਚ 24 ਘੰਟੇ ਕੰਮ ਕਰੇਗੀ। ਗ੍ਰੀਨ ਦਿੱਲੀ ਐਪ ਦੇ ਜ਼ਰੀਏ ਦਿੱਲੀ ਦਾ ਕੋਈ ਵੀ ਨਾਗਰਿਕ ਪ੍ਰਦੂਸ਼ਣ ਸਬੰਧੀ ਸ਼ਿਕਾਇਤ ਗ੍ਰੀਨ ਵਾਰ ਰੂਮ ਨੂੰ ਭੇਜ ਸਕਦਾ ਹੈ ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪਿਛਲੇ ਸਾਲ ਐਪ ਰਾਹੀਂ 27 ਹਜ਼ਾਰ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਵਿੱਚੋਂ 23 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਸਭ ਤੋਂ ਵੱਧ ਸ਼ਿਕਾਇਤਾਂ ਐਮਸੀਡੀ, ਡੀਡੀਏ ਤੇ ਪੀਡਬਲਯੂਡੀ ਤੋਂ ਆਈਆਂ ਹਨ। ਸ੍ਰੀ ਰਾਏ ਨੇ ਕਿਹਾ ਕਿ ਦਿੱਲੀ ਦੇ ਅੰਦਰ ਪ੍ਰਦੂਸ਼ਣ ਵਿਰੁੱਧ ਮੁਹਿੰਮ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਸਰਦੀਆਂ ਦੀ ਕਾਰਜ ਯੋਜਨਾ ਦਾ ਐਲਾਨ ਕੀਤਾ। ਕਾਰਜ ਯੋਜਨਾ ਤਿਆਰ ਕਰਨ ਲਈ ਵੱਖ-ਵੱਖ ਵਿਭਾਗਾਂ, ਏਜੰਸੀਆਂ, ਆਰਡਬਲਯੂਏ ਸਣੇ ਲੋਕਾਂ ਨਾਲ ਮੀਟਿੰਗ ਕੀਤੀ ਗਈ। ਲੋਕਾਂ ਤੋਂ ਸੁਝਾਅ ਲਏ ਗਏ ਸਨ। ਵਾਤਾਵਰਨ ਵਿਭਾਗ ਦੀ ਤਰਫੋਂ ਦਿੱਲੀ ਦੇ ਮੁੱਖ ਮੰਤਰੀ ਨੇ ਕੱਲ੍ਹ ‘ਵਿੰਟਰ ਐਕਸ਼ਨ ਪਲਾਨ’ ਦਾ ਐਲਾਨ ਕੀਤਾ ਜਿਸ ਵਿੱਚ ਸਿਖਰਲੇ ਦਸ ਨੁਕਤੇ ਹਨ। ਇਨ੍ਹਾਂ ਦੇ ਆਧਾਰ ’ਤੇ ਸਰਕਾਰ ਵੱਲੋਂ ਪ੍ਰਦੂਸ਼ਣ ਠੱਲ੍ਹਣ ’ਤੇ ਕੰਮ ਕੀਤਾ ਜਾਵੇਗਾ। ਗ੍ਰੀਨ ਵਾਰ ਰੂਮ ਵਿੱਚ ਮੁੱਖ ਤੌਰ ’ਤੇ ਤਿੰਨ ਪ੍ਰਕਾਰ ਦੀ ਨਿਗਰਾਨੀ ਹੁੰਦੀ ਹੈ ਜਿਸ ਵਿੱਚ 26 ਵੱਖ-ਵੱਖ ਨਿਗਰਾਨੀ ਕੇਂਦਰ ਲੱਗੇ ਹੋਏ ਹਨ। ਇੱਥੋਂ ਰੋਜ਼ਾਨਾ ਕੇਂਦਰਾਂ ਦੀਆਂ ਰਿਪੋਰਟਾਂ ਦੀ ਨਿਗਰਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਜਗ੍ਹਾ ਜਿੱਥੇ ਪਰਾਲੀ ਸਾੜਦੀ ਹੈ, ਦੀ ਨਿਗਰਾਨੀ ‘ਨਾਸਾ’ ਦੁਆਰਾ ਕੀਤੀ ਜਾਂਦੀ ਹੈ।