ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜਨਵਰੀ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਸਿੱਖਿਆ ਮੰਤਰਾਲੇ ਵੱਲੋਂ ਨਵੀਂ ਸਿੱਖਿਆ ਨੀਤੀ 2020 ’ਤੇ ਪੇਸ਼ ਝਾਕੀ ਦਾ ਥੀਮ ‘ਵੇਦ ਤੋਂ ਮੇਟਾਵਰਸ’ ਸੀ ਜਿਸ ਵਿੱਚ ਦਰਸਾਏ ਗਏ ਦ੍ਰਿਸ਼ ਸਪੱਸ਼ਟ ਤੌਰ ‘ਤੇ ਬ੍ਰਾਹਮਣਵਾਦੀ ਸਨ ਜਦਕਿ ਬੈਕਗਰਾਊਂਡ ਵਿੱਚ ਗੀਤ ਭਾਰਤ ਦੇ ਸੁਨਹਿਰੀ ਅਤੀਤ ਵਿੱਚ ਵਾਪਸੀ ਦੀ ਗੱਲ ਕਰਦਾ ਹੈ ਜੋ ਇੱਕ ਮਿੱਥ ਹੈ। ਕੇਵਾਈਐੱਸ ਨੇ ਕਿਹਾ ਕਿ ਸਿੱਖਿਆ ਨੀਤੀ 2020 ਇੱਕ ਕਲਪਿਤ ਸੁਨਹਿਰੀ ਅਤੀਤ ਵਿੱਚ ਵਾਪਸ ਜਾਣ ‘ਤੇ ਜ਼ੋਰ ਦਿੰਦੀ ਹੈ। ਜਦੋਂ ਦੇਸ਼ ਵਿੱਚ ਅਸਮਾਨਤਾ ਤੇਜ਼ੀ ਨਾਲ ਵਧ ਰਹੀ ਹੈ ਤੇ ਕਿਰਤੀ ਲੋਕਾਂ ਵਿੱਚ ਸਿੱਖਿਆ ਦੀ ਘਾਟ ਦੀ ਸਥਿਤੀ ਹੋਰ ਡੂੰਘੀ ਹੁੰਦੀ ਜਾ ਰਹੀ ਹੈ ਤਾਂ ਇਹ ਨੀਤੀ ਮੌਜੂਦਾ ਸਰਕਾਰੀ ਸਕੂਲਾਂ ਦਾ ਨਿੱਜੀਕਰਨ, ਮਰਜ਼ ਜਾਂ ਬੰਦ ਕਰਨ, ਖੁਦਮੁਖਤਿਆਰੀ ਦੇ ਨਾਂ ’ਤੇ ਸਿੱਖਿਆ ’ਤੇ ਖ਼ਰਚੇ ਘਟਾਉਣ ਅਤੇ ਸਿੱਖਿਆ ਦਾ ਵਪਾਰੀਕਰਨ ਕਰਨ ਦੀ ਹੈ। ਇਸ ਨੀਤੀ ਦੇ ਲਾਗੂ ਹੋਣ ਨਾਲ ਸਮਾਜਿਕ ਨਿਆਂ ਦੀਆਂ ਕਦਰਾਂ-ਕੀਮਤਾਂ ਨੂੰ ਉਲਟਾ ਕੇ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ ਅਤੇ ਔਰਤਾਂ ਆਦਿ ਵਰਗੇ ਸੀਮਾਂਤ ਭਾਈਚਾਰਿਆਂ ਨੂੰ ਰਸਮੀ ਸਿੱਖਿਆ ਤੋਂ ਹੋਰ ਦੂਰ ਧੱਕ ਦਿੱਤਾ ਜਾਵੇਗਾ।