ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਨਵੰਬਰ
ਇਥੇ ਕਿਸਾਨ ਅੰਦੋਲਨ ਦੇ ਪੂਰੇ ਹੋਣ ’ਤੇ ਕਿਸਾਨ ਵੱਖ-ਵੱਖ ਯੂਨੀਅਨਾਂ ਦੇ ਝੰਡਿਆਂ ਨਾਲ ਮੋਰਚਿਆਂ ਉਪਰ ਢੋਲ-ਢਮੱਕਿਆਂ ਨਾਲ ਗਾਉਂਦੇ, ਨੱਚਦੇ ਤੇ ਨਾਅਰੇ ਲਾਉਂਦੇ ਹੋਏ ਕਿਸਾਨ ਪਹੁੰਚੇ ਤੇ ਦੇਸ਼ ਵਿੱਚ ਦਿੱਲੀ ਦੇ ਦਰਵਾਜ਼ੇ ਉਪਰ ਨਿਰੋਲ ਆਰਥਿਕ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਇਸ ਅੰਦੋਲਨ ਦੀ ਵਰ੍ਹੇਗੰਢ ਮਨਾਈ। ਮੋਰਚਿਆਂ ਉਪਰ ਕਿਸਾਨਾਂ ਦੇ ਚਿਹਰਿਆਂ ’ਤੇ ਸੰਤੁਸ਼ਟੀ ਸੀ ਕਿ ਉਨ੍ਹਾਂ ਦੀ ਇਸ ਮਿਹਨਤ ਨਾਲ ਕਾਰਪੋਰੇਟ ਦੇ ਜਬਾੜਿਆਂ ਵਿੱਚ ਜਾਣ ਤੋਂ ਬਚਾਅ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਇਸ ਮੋਰਚੇ ਨਾਲ ਜੁੜੇ ਰਹੇ ਤੇ ਔਖੀਆਂ ਹਾਲਤਾਂ ਵਿੱਚ ਵੀ ਇੱਥੇ ਆਉਣ ਤੋਂ ਨਹੀਂ ਪਿੱਛੇ ਹਟੇ। ਕਈ ਕਿਸਾਨਾਂ ਨੇ ਦੱਸਿਆ ਕਿ ਪਿੱਛੇ ਪਰਿਵਾਰਾਂ ਨੂੰ ਮੁਸ਼ਕਲਾਂ ਆਈਆਂ ਪਰ ਹੌਸਲੇ ਨਹੀਂ ਛੱਡੇ। ਉਹ ਇਸ ਅੰਦੋਲਨ ਦੌਰਾਨ ਵਿਛੜ ਗਏ ਕਿਸਾਨਾਂ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਗੱਚ ਭਰ ਆਉਂਦੇ ਹਨ। ਕਿਸਾਨ ਆਗੂਆਂ ਜਗਮੋਹਨ ਸਿੰਘ ਤੇ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਇਸ ਅੰਦੋਲਨ ਨੇ ਧਰਮ, ਜਾਤ ਤੇ ਵਰਗ ਵੰਡ ਦੀਆਂ ਹੱਦਾਂ ਮੇਟ ਦਿੱਤੀਆਂ। ਸੰਤੋਖ ਸਿੰਘ ਸੰਧੂ ਤੇ ਅਮਰੀਕ ਸਿੰਘ ਨਿੱਝਰ ਜੋ ਮੋਰਚੇ ਦਾ ਖਾਤਾ ਵੀ ਸਾਂਭਦੇ ਹਨ ਨੇ ਕਿਹਾ ਕਿ ਕਿਸਾਨਾਂ ਦੇ ਏਕੇ ਨੇ ਸੱਤਾਧਾਰੀ ਧਿਰਾਂ ਤੇ ਸਿਆਸੀ ਪਾਰਟੀਆਂ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਇਸ ਵੱਡੀ ਸ਼੍ਰੇਣੀ ਨੂੰ ਸੱਤਾ ਦੇ ਡਰ ਨਾਲ ਨਹੀਂ ਹਰਾਇਆ ਜਾ ਸਕਦਾ। ਸਿੰਘੂ ਮੋਰਚੇ ’ਤੇ ਨੌਜਵਾਨਾਂ ਨੇ ਰੱਜ ਕੇ ਨਾਅਰੇਬਾਜ਼ੀ ਕੀਤੀ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਟੇਜ ਦੇ ਪਿੱਛਲੇ ਪਾਸੇ ਬਦਇੰਤਜ਼ਾਮੀ ਦੇ ਹਾਲਤ ਵੀ ਬਣੇ ਰਹੇ। ਗਾਇਕਾਂ ਨੇ ਆਉਣ ਨਾਲ ਸਟੇਜ ਵਿੱਚ ਖਲਲ਼ ਪਿਆ, ਜਿਸ ਦਾ ਸੰਜੀਦਾ ਕਿਸਾਨਾਂ ਨੇ ਬੁਰਾ ਵੀ ਮਨਾਇਆ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਮੈਂਬਰ 9 ਮੈਂਬਰੀ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, ‘ਅਸੀ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਭਾਜਪਾ ਦੀ ਮੋਦੀ ਸਰਕਾਰ ਇੱਕ ਜੁਮਲੇਵਾਜ ਸਰਕਾਰ ਹੈ ਇਹਨਾ ਦੀ ਕਹਿਣੀ ਅਤੇ ਕਥਨੀ ਵਿੱਚ ਸ਼ੁਰੂ ਤੋਂ ਹੀ ਅੰਤਰ ਰਿਹਾ ਹੈ ਇਸ ਲਈ , ਬੀਕੇਯੂ ਏਕਤਾ ਸਿੱਧੂਪੁਰ ਦਾ ਸ਼ੁਰੂ ਤੋਂ ਹੀ ਸਪਸ਼ਟ ਸਟੈਂਡ ਰਿਹਾ ਹੈ ਕਿ ਅਸੀਂ ਤਿੰਨੇ ਕਾਨੂੰਨ ਰੱਦ ਕਰਵਾਏ ਬਿਨਾਂ ਤੇ ਐਮ ਐੱਸ ਪੀ ਦੀ ਗਰੰਟੀ ਕਾਨੂੰਨ,ਪਰਾਲੀ ਕਾਨੂੰਨ, ਬਿਜਲੀ ਸੋਧ ਕਾਨੂੰਨ ਇਹਨਾ ਸਾਰੇ ਮਸਲਿਆਂ ਦਾ ਹੱਲ ਕਰਵਾਵੇ ਬਿਨਾਂ ਬਾਰਡਰ ਖ਼ਾਲੀ ਨਹੀ ਕਰਾਂਗੇ। ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਅਤੇ ਅੰਦੋਲਨਕਾਰੀ ਦੌਰਨ ਜੋ ਕਿਸਾਨਾਂ ਉੱਪਰ ਪਰਚੇ ਹੋਏ ਹਨ ਜਦੋ ਤੱਕ ਉਹ ਰੱਦ ਨਹੀਂ ਹੁੰਦੇ, ਬੀਕੇਯੂ ਏਕਤਾ ਸਿੱਧੂਪੁਰ ਬਾਰਡਰਾ ਤੋਂ ਵਾਪਸੀ ਨਹੀਂ ਕਰੇਗੀ।ਜਗਜੀਤ ਸਿੰਘ ਡੱਲੇਵਾਲ ਨੇ ਅੰਦੋਲਨਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋ ਤੱਕ ਸਰਕਾਰ ਸਾਰੇ ਮਸਲੇ ਹੱਲ ਨਹੀਂ ਕਰਦੀ ਉਦੋਂ ਤੱਕ ਸਾਰੇ ਅੰਦੋਲਨਕਾਰੀ ਬਾਰਡਰਾ ਤੇ ਡਟੇ ਰਹਿਣ ਅਤੇ ਕਿਸਾਨ ਹਿਤੈਸ਼ੀ ਵੀਰਾਂ ਨੂੰ ਦਿੱਲੀ ਦੇ ਬਾਰਡਰਾ ਤੇ ਪਹੁੰਚਣ ਦੀ ਅਪੀਲ ਕੀਤੀ।
ਖੇਤੀ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਤੋਂ ਦਿੱਲੀ ਦਾ ਪੰਜਾਬੀ ਭਾਈਚਾਰਾ ਬਾਗੋ-ਬਾਗ
ਨਵੀਂ ਦਿੱਲੀ: ਦਿੱਲੀ ਦੇ ਮੋਰਚਿਆਂ ਵਿੱਚ ਬੈਠੇ ਕਿਸਾਨਾਂ ਦੀ ਮੁੱਖ ਮੰਗ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਤੋਂ ਦਿੱਲੀ ਦਾ ਪੰਜਾਬੀ ਭਾਈਚਾਰਾ ਵੀ ਬਾਗੋ-ਬਾਗ ਹੈ। ਦਿੱਲੀ ਦੇ ਪੰਜਾਬੀਆਂ ਨੇ ਮੋਰਚੇ ਦੇ ਲੰਬਾ ਖਿੱਚੇ ਜਾਣ ਦੇ ਖਦਸ਼ਿਆਂ ਦੇ ਚੱਲਦੇ ਧਰਨਾਕਾਰੀ ਕਿਸਾਨਾਂ ਲਈ ਕਈ ਪ੍ਰਬੰਧ ਕੀਤੇ ਸਨ। ਦਿੱਲੀ ਦੇ ਧਨਾਢ ਪੰਜਾਬੀਆਂ ਨੇ ਕਿਸਾਨਾਂ ਲਈ ਰਾਸ਼ਨ ਤੋਂ ਇਲਾਵਾ ਬਦਾਮਾਂ, ਫਲਾਂ, ਜੁਰਾਬਾਂ, ਕੱਪੜਿਆਂ ਤੇ ਲੰਗਰਾਂ ਲਈ ਰਾਸ਼ਨ ਦੀ ਸੇਵਾ ਵੀ ਨਿਭਾਈ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਗਏ ਲੰਗਰ ਵਿੱਚ ਵੀ ਸਿੱਖ ਭਾਈਚਾਰੇ ਤੇ ਦਿੱਲੀ ਦੀ ਗੁਰੂ ਨਾਨਕ ਲੇਵਾ ਸੰਗਤ ਨੇ ਪੂਰਨ ਸਹਿਯੋਗ ਦਿੱਤਾ ਸੀ। ਹਾਲਾਂ ਕਿ ਬਾਅਦ ਵਿੱਚ ਦਿੱਲੀ ਪੁਲੀਸ ਨੇ ਸਿੰਘੂ ਬਾਰਡਰ ਉਪਰ ਪੱਕੀਆਂ ਤਾਰਾਂ ਲਾ ਕੇ ਮੋਰਚੇ ਨੂੰ ਜਾਂਦੇ ਸਿੱਧੇ ਰਾਹ ਦਾ ਸੰਪਰਕ ਤੋੜ ਦਿੱਤਾ ਸੀ। ਖ਼ਾਨਪੁਰ ਦੇ ਰਹਿਣ ਵਾਲੇ ਬਲਦੇਵ ਸਿੰਘ ਘੁੰਮਣ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਲੰਗਰ ਦੀ ਸੇਵਾ ਕਰਨ ਸਿੰਘੂ ਜਾਂਦੇ ਰਹੇ ਸਨ। ‘ਆਪ’ ਦੇ ਸਿੱਖ ਆਗੂਆਂ ਨੇ ਗਾਜ਼ੀਪੁਰ ਸੇਵਾ ਕੀਤੀ ਸੀ। ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਪੰਜਾਬੀਆਂ ਨੇ ਸਿਦਕ ਦਿਖਾਇਆ। ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਸੁਖਬੀਰ ਸਿੰਘ ਕਾਲੜਾ ਨੇ ਕਿਹਾ ਕਿ ਕਿਸਾਨ ਭਾਈਚਾਰੇ ਦੇ ਏਕੇ ਨਾਲ ਹੋਈ ਜਿੱਤ ਦੇ ਕਈ ਮਾਇਨੇ ਕੱਢੇ ਜਾ ਸਕਦੇ ਹਨ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਅਖਾਣ ਸੱਚ ਸਾਬਤ ਹੋਈ ਹੈ। ਦਿੱਲੀ ਦੇ ਨੌਜਵਾਨਾਂ ਨੇ ਵੀ ਲਗਾਤਾਰ ਮੋਰਚੇ ਲਈ ਸਹੂਲਤਾਂ ਦਿੱਤੀਆਂ ਤੇ ਪ੍ਰਵਾਸੀਆਂ ਨੇ ਵੀ ਮਦਦ ਕੀਤੀ ਸੀ।
ਮੋਰਚੇ ਨੇ ਐੱਮਐੱਸਪੀ ਸਣੇ ਕਈ ਮੰਗਾਂ ਉਠਾਈਆਂ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ 21 ਨਵੰਬਰ, 2021 ਨੂੰ ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਛੇ ਮੰਗਾਂ ਉਠਾਈਆਂ ਸਨ, ਅਰਥਾਤ, ਸੀ 2+50% ਫਾਰਮੂਲੇ ਦੇ ਆਧਾਰ ’ਤੇ ਸਾਰੀਆਂ ਉਪਜਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਡਰਾਫਟ ਨੂੰ ਵਾਪਸ ਲੈਣਾ ‘ਬਿਜਲੀ ਸੋਧ। ਬਿੱਲ, 2020/2021”, ‘ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਇਨ ਦਾ ਨੈਸ਼ਨਲ ਕੈਪੀਟਲ ਰੀਜਨ ਐਂਡ ਅਡਜਾਇਨਿੰਗ ਏਰੀਆਜ਼ ਐਕਟ 2021’ ਵਿੱਚ ਕਿਸਾਨਾਂ ’ਤੇ ਦੰਡਕਾਰੀ ਪ੍ਰਬੰਧਾਂ ਨੂੰ ਹਟਾਉਣਾ, ਅੰਦੋਲਨ ਦੇ ਦੌਰਾਨ ਕਿਸਾਨਾਂ ਵਿਰੁੱਧ ਝੂਠੇ ਕੇਸਾਂ ਨੂੰ ਵਾਪਸ ਲੈਣਾ, ਬਰਖਾਸਤਗੀ ਅਤੇ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਗ੍ਰਿਫ਼ਤਾਰੀ, ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਮੁੜ ਵਸੇਬਾ ਅਤੇ ਸਿੰਘੂ ਮੋਰਚੇ ਵਿੱਚ ਉਨ੍ਹਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਲਈ ਜ਼ਮੀਨ ਦੀ ਵੰਡ ਆਦਿ ਮੰਗਾਂ ਰੱਖੀਆਂ ਸਨ।
ਬੱਦੋਵਾਲ ਟੌਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਜਾਰੀ
ਜੀਂਦ/ਨਰਵਾਣਾ(ਮਹਾਂਵੀਰ ਮਿੱਤਲ): ਇਥੇ ਬੱਦੋਵਾਲ ਟੌਲ ਪਲਾਜ਼ਾ ਕੋਲ 334ਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਿਹਾ। ਇਸ ਧਰਨੇ ਦੀ ਪ੍ਰਧਾਨਗੀ ਪ੍ਰਿਥੀ ਸਿੰਘ ਸਾਬਕਾ ਸਰਪੰਚ ਨੇ ਕੀਤੀ। ਕਿਸਾਨ ਧਰਨੇ ਉੱਤੇ ਦੀਨ ਬੰਧੂ ਸਰ ਛੋਟੂ ਰਾਮ ਦੀ ਜੈਅੰਤੀ ਮਨਾਈ ਗਈ, ਜਿਸ ਵਿੱਚ ਭਾਰੀ ਸੰਖਿਆ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਰਾਮਫਲ ਸਿੰਘ ਮੋਰ ਸਾਬਕਾ ਸਰਪੰਚ ਦਬਲੈਨ ਨੇ ਵਿਸ਼ੇਸ਼ ਰੂਪ ਤੋਂ ਸ਼ਿਰਕਤ ਕੀਤੀ। ਮੋਰ ਨੇ ਛੋਟੂ ਰਾਮ ਦੇ ਜੀਵਨ ਉੱਤੇ ਪ੍ਰਕਾਸ਼ ਪਾਇਆ ਅਤੇ ਸਮਾਜ ਦੇ ਲਈ ਕੀਤੇ ਕੰਮਾਂ ਦਾ ਵੇਰਵਾ ਦੱਸਿਆ। ਰਾਮਫਲ ਸਿੰਘ ਮੋਰ ਨੇ ਐਲਾਨ ਕੀਤਾ ਕਿ ਅੰਦੋਲਨ ਦੀ ਸੰਪੂਰਨ ਜਿੱਤ ਉੱਤੇ ਕਿਸਾਨਾਂ ਨੂੰ ਟੌਲ ਉੱਤੇ ਹੀ ਹਲਵਾ ਖਵਾਇਆ ਜਾਵੇਗਾ। ਕਿਸਾਨ ਨੇਤਾ ਬਲਵੀਰ ਸਿੰਘ ਨੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਿਸਾਨਾਂ ਦੀ ਇੱਕ ਜੁੱਟਤਾ ਰੰਗ ਲਿਆਈ ਹੈ।