ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਜੂਨ
ਦਿੱਲੀ ਦੇ ਮੋਰਚਿਆਂ ਵਿੱਚ ਸ਼ਾਮਲ ਕਿਸਾਨਾਂ ਲਈ ਭਾਂਤ-ਭਾਂਤ ਦੇ ਲੰਗਰ ਲਗਾਏ ਜਾਂਦੇ ਹਨ।
ਸਿੰਘੂ ਹੱਦ ਉੱਤੇ ਦੇਸੀ ਘਿਓ ਦੀਆਂ ਜਲੇਬੀਆਂ ਵਾਲੇ ਲੰਗਰ ’ਤੇ ਰੋਜ਼ਾਨਾ ਕਤਾਰ ਲੱਗਦੀ ਹੈ। ਸੋਨੀਪਤ ਦੇ ਪਿੰਡ ਭੈਂਸਵਾਨ ਖੁਰਦ ਦੇ ਕਿਸਾਨਾਂ ਵੱਲੋਂ ਇਹ ਜਲੇਬੀਆਂ ਦਾ ਭੰਡਾਰਾ ਲਗਾਤਾਰ ਚਲਾਇਆ ਜਾ ਰਿਹਾ ਹੈ। ਇੱਥੇ ਵੱਡੇ ਆਕਾਰ ਦੀਆਂ ਜਲੇਬੀਆਂ ਬਣਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ‘ਕੇਐੱਫਸੀ’ ਤੋਂ ਅੱਗੇ ਵੀ ਹਰੀਆਂ ਜਲੇਬੀਆਂ ਦਾ ਲੰਗਰ ਲਗਾਤਾਰ ਚੱਲ ਰਿਹਾ ਹੈ।
ਭੈਂਸਵਾਨ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਦੇਸੀ ਘਿਓ ਵਿੱਚ ਜਲੇਬੀਆਂ ਕੱਢ ਕੇ ਵਰਤਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਮੋਰਚਿਆਂ ’ਤੇ ਇਕੱਠ ਵਧਣ ਕਰਕੇ ਹੁਣ ਕਿਸਾਨਾਂ ਦੀ ਸ਼ਾਮ ਵੇਲੇ ਹੀ ਕਤਾਰ ਲੱਗ ਜਾਂਦੀ ਹੈ। ਬੀਤੇ ਹਫ਼ਤੇ ਤੋਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਉਪਰ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਗਿਣਤੀ ਵਧੀ ਹੈ।
ਇਸੇ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਵੱਲੋਂ ਬੈਠਕਾਂ ਦਾ ਦੌਰ ਜਾਰੀ ਹੈ। ਇਹ ਬੈਠਕਾਂ 5 ਜੂਨ ਨੂੰ ਮਨਾਏ ਜਾ ਰਹੇ ‘ਸੰਪੂਰਨ ਕ੍ਰਾਂਤੀ ਦਿਵਸ’ ਅਤੇ ਕੌਮੀ ਘਟਨਾਵਾਂ ’ਤੇ ਚਰਚਾ ਕਰਨ ਲਈ ਕੀਤੀਆਂ ਜਾ ਰਹੀਆਂ ਹਨ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੀ ਸੂਬਾ ਕਮੇਟੀ ਦੀ ਇੱਕ ਅਹਿਮ ਬੈਠਕ ਸਿੰਘੂ ਮੋਰਚੇ ਕੋਲ ਕਜਾਰੀਆ ਟਾਈਲਸ ਵਿਖੇ ਡਾ. ਦਰਸ਼ਨ ਪਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਮੋਰਚਿਆਂ ਨਾਲ ਜੁੜੇ ਮਾਮਲੇ ਵਿਚਾਰੇ। ਆਗੂਆਂ ਵੱਲੋਂ ਅੰਦੋਲਨ ’ਚ ਯੂਨੀਅਨ ਦੀ ਸ਼ਾਨਦਾਰ ਭੂਮਿਕਾ ਦਾ ਜ਼ਿਕਰ ਕੀਤਾ ਗਿਆ ਅਤੇ ਅਗਲੇ ਦਿਨਾਂ ’ਚ ਸੰਘਰਸ਼ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਪੱਧਰੀ ਪ੍ਰੋਗਰਾਮਾਂ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਲਈ ਆਗੂਆਂ ਨੇ ਸੁਝਾਅ ਦਿੱਤੇ।
ਇਸ ਦੌਰਾਨ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਵੱਲੋਂ ਵੀ ਮੋਰਚੇ ਬਾਰੇ ਅਗਲੀ ਰਣਨੀਤੀ ਵਿਚਾਰਨ ਲਈ ਬੈਠਕ ਕੀਤੀ ਗਈ ਅਤੇ ਕੌਮੀ ਪੱਧਰ ’ਤੇ ਫੈਲ ਰਹੇ ਕਿਸਾਨ ਅੰਦੋਲਨ ਵਿੱਚ ਜਥੇਬੰਦੀ ਦੀ ਵੱਡੀ ਭੂਮਿਕਾ ਨਿਭਾਉਣ ਬਾਰੇ ਚਰਚਾ ਕੀਤੀ ਗਈ। ਜੂਨ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਸੰਘਰਸ਼ ਤੇਜ਼ ਕਰਨ ਦੇ ਐਲਾਨਾਂ ਮਗਰੋਂ ਕੌਮੀ ਪੱਧਰ ’ਤੇ ਸਥਾਪਤ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਅਹਿਮ ਹੋਵੇਗੀ। ਉਧਰ ਸੋਨੀਪਤ ਜ਼ਿਲ੍ਹੇ ਦੇ ਮਜ਼ਦੂਰ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਦੇ ਅਗਰਸੈਨ ਚੌਕ ਕੋਲ 5 ਜੂਨ ਨੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।