ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਮਾਰਚ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੁਸ਼ਕਲ ਹਾਲਾਤ ਵਿੱਚ ਦਲੇਰਾਨਾ ਤੇ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਸਨਮਾਨਿਆ। ਮੁੱਖ ਮੰਤਰੀ ਨੇ ਇੰਡੀਆ ਹੈਬੀਟੈਟ ਸੈਂਟਰ ਵਿੱਚ ਦਿੱਲੀ ਮਹਿਲਾ ਕਮਿਸ਼ਨ ਦੀ ਤਰਫ਼ੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਲੋਕ ਅਕਸਰ ਵਿਸ਼ੇਸ਼ ਕੰਮ ਕਰਦੇ ਹਨ ਪਰ ਉਨ੍ਹਾਂ ਦਾ ਕੰਮ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੀ ਆਪਣੀ ਸ਼ਾਨਦਾਰ ਕਹਾਣੀ ਹੁੰਦੀ ਹੈ। ਆਮ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਵਿਸ਼ੇਸ਼ ਗੱਲਾਂ ਕੀਤੀਆਂ ਹਨ। ਕੇਜਰੀਵਾਲ ਨੇ ਮਾਤਾ ਮਹਿੰਦਰ ਕੌਰ ਦੇ ਹੌਂਸਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਭਿਨੇਤਰੀ ਕੰਗਣਾ ਰਨੌਤ ਨੇ ਸੁਰਖੀਆਂ ਬਟੋਰਨ ਲਈ ਦਾਦੀ ’ਤੇ ਟਵੀਟ ਕੀਤਾ ਪਰ ਦਾਦੀ ਅਜੇ ਵੀ ਖੇਤਾਂ ਵਿੱਚ ਕੰਮ ਕਰਦੀ ਹੈ ਅਤੇ ਜਦੋਂ ਵੀ ਕਿਸਾਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਮੈਦਾਨ ਵਿੱਚ ਆਉਂਦੀ ਤੇ ਸੰਘਰਸ਼ ਵਿੱਚ ਹਿੱਸਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ 80 ਸਾਲਾ ਬੇਬੇ ਮਹਿੰਦਰ ਕੌਰ ਪਿੰਡ ਵਿੱਚੋਂ ਕਿਸਾਨੀ ਝੰਡੇ ਲੈ ਕੇ ਬਾਹਰ ਆਉਂਦੀ ਹੈ ਤਾਂ ਵੱਡੀ ਉਮਰ ਦੇ ਬਾਵਜੂਦ ਦਾਦੀ ਦਾ ਜੋਸ਼ ਤੇ ਜਨੂੰਨ ਹਰ ਕਿਸੇ ਨੂੰ ਪਿੱਛੇ ਛੱਡ ਸਕਦਾ ਹੈ। ਕੇਜਰੀਵਾਲ ਨੇ ਸ਼ਹੀਦ ਗੁਰਤੇਜ ਸਿੰਘ ਦੇ ਵਾਰਸਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਚੀਨੀ ਸੈਨਿਕਾਂ ਨਾਲ ਹੋਈ ਝੜਪ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦਾ 23 ਸਾਲਾ ਸ਼ਹੀਦ ਸਿਪਾਹੀ ਗੁਰਤੇਜ ਸਿੰਘ ਬਹਾਦਰੀ ਦੀ ਮਿਸਾਲ ਹੈ ਜਿਸ ਨੂੰ ਦੇਸ਼ ਸਦੀਆਂ ਤਕ ਯਾਦ ਰੱਖੇਗਾ। ਇਸੇ ਤਰ੍ਹਾਂ ਕੇਜਰੀਵਾਲ ਨੇ ਗੋਕੁਲਪੁਰੀ ਦੇ ਮਹਿੰਦਰ ਸਿੰਘ ਦਾ ਵੀ ਸਨਮਾਨ ਕੀਤਾ। ਮਹਿੰਦਰ ਸਿੰਘ ਨੇ ਪਿਛਲੇ ਸਾਲ ਹੋਏ ਦੰਗਿਆਂ ਵਿੱਚ 40 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ ਸੀ। ਇਸ ਮੌਕੇ ਸ਼ਾਂਤਾ ਬੱਲੂ ਪੰਵਾਰ, ਕੈਪਟਨ ਤਾਨੀਆ ਸ਼ੇਰਗਿੱਲ ਅਤੇ ਕੈਪਟਨ ਭਾਵਨਾ ਕਸਤੂਰੀ, ਏਅਰ ਫੋਰਸ ਅਧਿਕਾਰੀ ਅੰਜਲੀ, ਸ਼ਿਖਾ ਪਾਂਡੇ, ਉਵੇਨਾ ਫਰਨਾਂਡੇਜ਼, ਕੀਰਤੀ, ਸ਼ਿਪਰਾ ਦੀਪ ਦੇ ਨਾਲ-ਨਾਲ ਸੀਆਰਪੀਐੱਫ ਵਿੱਚ ਇੰਸਪੈਕਟਰ ਸੀਮਾ ਨਾਗ, ਕਿੰਨਰ ਅਖਾੜੇ ਦੀ ਲਕਸ਼ਮੀ ਨਰਾਇਣ ਸੀਮਾਥੀ, ਇਸਰੋ ਦੀ ਮਹਿਲਾ ਵਿਗਿਆਨੀ ਏਐੱਸਐੱਮ ਤ੍ਰਿਪਾਠੀ ਦਾ ਵੀ ਸਨਮਾਨ ਕੀਤਾ ਗਿਆ।