ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਅਪਰੈਲ
ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਕਹਿ ਰਹੇ ਹਨ ਕਿ ਜੇ ਪੁਲੀਸ ਸਾਡੇ ਕੋਲ ਆਉਂਦੀ ਹੈ ਤਾਂ ਉਨ੍ਹਾਂ ਸਾਰੇ ਲੋਕਾਂ ਨੂੰ ਠੀਕ ਕਰ ਦੇਵਾਂਗੇ ਜੋ ਸਾਡੀਆਂ ਨਾਕਾਮੀਆਂ ਨੂੰ ਉਜਾਗਰ ਕਰ ਰਹੇ ਹਨ। ਅੱਜ ਜਿਵੇਂ ਹੀ ਪੰਜਾਬ ਪੁਲੀਸ ਆਉਂਦੀ ਹੈ ਉਹ ਕੇਜਰੀਵਾਲ ਦੇ ਖ਼ਿਲਾਫ਼ ਬੋਲਣ ਵਾਲਿਆਂ ਦੀ ਪਛਾਣ ਕਰਕੇ ਝੂਠੀਆਂ ਐੱਫਆਈਆਰ ਦਰਜ ਕਰਕੇ, ਉਨ੍ਹਾਂ ਦੇ ਘਰ ਪਹੁੰਚ ਰਹੀ ਹੈ। ਅੱਜ ਪੰਜਾਬ ਪੁਲੀਸ ਪੰਜਾਬ ਵਿਚ ਘੱਟ ਤੇ ਦਿੱਲੀ ਵਿਚ ਜ਼ਿਆਦਾ ਰਹਿਣ ਲੱਗੀ ਹੈ। ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ 24 ਘੰਟੇ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਕਾਂਗਰਸ ਤੇ ਅਕਾਲੀ ਦਲ ਦੇ ਰਾਹ ਤੁਰੇ ਹੋਏ ਹਨ। ਕੇਜਰੀਵਾਲ ਦੀ ਇੰਟਰਵਿਊ ਦੀ ਵੀਡੀਓ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਨੀਅਤ ਪਹਿਲਾਂ ਹੀ ਪਤਾ ਲੱਗ ਗਈ ਹੈ ਕਿਉਂਕਿ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਹ ਖੁੱਲ੍ਹੇ ਆਮ ਘੁੰਮ ਰਹੇ ਹਨ ਅਤੇ ਕੇਜਰੀਵਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਬਦਲੇ ਦੀ ਭਾਵਨਾ ਨਾਲ ਭਾਜਪਾ ਆਗੂਆਂ ’ਤੇ ਤਸ਼ੱਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਮੁਖੀ ਨਵੀਨ ਕੁਮਾਰ ਜਿੰਦਲ, ਯੁਵਾ ਮੋਰਚਾ ਦੇ ਰਾਸ਼ਟਰੀ ਮੰਤਰੀ ਤਜਿੰਦਰ ਪਾਲ ਸਿੰਘ ਬੱਗਾ ਤੇ ਮਹਾਰਾਸ਼ਟਰ ਭਾਜਪਾ ਆਗੂ ਪ੍ਰੀਤੀ ਗਾਂਧੀ ਤੇ ਹੋਰ ਆਗੂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਸਾਜ਼ਿਸ਼ ਰਚ ਰਹੇ ਹਨ। ਕੁਮਾਰ ਵਿਸ਼ਵਾਸ ਦੇ ਘਰ ਪੁਲੀਸ ਭੇਜੀ ਹੈ ਯਾਨੀ ਜੋ ਵੀ ਕੇਜਰੀਵਾਲ ਦੇ ਸਕੂਲ, ਮੁਹੱਲਾ ਕਲੀਨਿਕ ਦਾ ਪਰਦਾਫਾਸ਼ ਕਰੇਗਾ ਜਾਂ ਉਸ ਦੇ ਖ਼ਿਲਾਫ਼ ਬੋਲੇਗਾ, ਉਹ ਉਸ ਦੇ ਘਰ ਪੁਲੀਸ ਭੇਜ ਦੇਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਹੁਣ ਤੱਕ ਪੰਜਾਬ ਅੰਦਰ ਡਰੱਗ ਮਾਫੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਇਹ ਸਮਝਦੇ ਹਨ ਕਿ ਭਾਜਪਾ ਆਗੂ ਜਾਂ ਕੋਈ ਵਰਕਰ ਉਨ੍ਹਾਂ ਦੇ ਡਰੋਂ ਡਰ ਜਾਵੇਗਾ ਤਾਂ ਇਹ ਉਨ੍ਹਾਂ ਦੀ ਗਲਤਫਹਿਮੀ ਹੈ।
ਰਾਜਧਾਨੀ ਵਿੱਚ ਸਕੂਲਾਂ ਦਾ ਬੁਰਾ ਹਾਲ: ਸਿਰਸਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਿਹੜੀ ਅਰਵਿੰਦ ਕੇਜਰੀਵਾਲ ਸਰਕਾਰ ਕਰੋਨਾ ਦੌਰਾਨ ਦਿੱਲੀ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਨਾ ਬਚਾ ਸਕੀ, ਉਹ ਉਸ ਨੂੰ ਮਾਡਲ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਖਾ ਰਹੀ ਹੈ, ਜੋ ਹੈਰਾਨੀਜਨਕ ਹੈ। ਅੱਜ ਇਥੇ ਸ੍ਰੀ ਸਿਰਸਾ ਨੇ ਕਿਹਾ ਕਿ ਕਰੋਨਾ ਦੌਰਾਨ ਦਿੱਲੀ ਦੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਹੋਰ ਰਾਜਾਂ ਦਾ ਰੁਖ਼ ਕਰਨਾ ਪਿਆ। ਉਨ੍ਹਾਂ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਸਕੂਲ ਅੱਜ ਭਗਵੰਤ ਮਾਨ ਨੂੰ ਵਿਖਾਏ ਹਨ, ਉਹ ਸਕੂਲ ਅਸਲ ਵਿਚ ਪਿਛਲੀਆਂ ਸਰਕਾਰਾਂ ਵੱਲੋਂ ਬਣਾਏ ਗਏ ਸਨ ਜਦੋਂ ਕਿ ਅਸਲ ਵਿਚ ਦਿੱਲੀ ਵਿਚ ਸਕੂਲਾਂ ਦਾ ਬੁਰਾ ਹਾਲ ਹੈ ਤੇ 25 ਹਜ਼ਾਰ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ ਅਤੇ ਸਿੱਖਿਆ ਢਾਂਚਾ ਢਹਿ ਢੇਰੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਜਦੋਂ ਕਰੋਨਾ ਵਿਚ ਕੇਜਰੀਵਾਲ ਸਰਕਾਰ ਲੋਕਾਂ ਨੂੰ ਸਹੂਲਤਾਂ ਨਾ ਦੇ ਸਕੀ ਤਾਂ ਇਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਦਦ ਮੰਗੀ ਜਿਸ ਨੇ 400 ਬੈੱਡਾਂ ਦਾ ਮੁਫਤ ਕਰੋਨਾ ਕੇਅਰ ਸੈਂਟਰ ਸਥਾਪਤ ਕੀਤਾ। ਭਗਵੰਤ ਮਾਨ ਨੂੰ ਸੁਚੇਤ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਅਸਲ ਵਿਚ ਸ੍ਰੀ ਕੇਜਰੀਵਾਲ ਪੰਜਾਬ ਦਾ ਪੈਸਾ ਖਰਚ ਕੇ ਦੂਜੇ ਰਾਜਾਂ ਵਿਚ ਚੋਣਾਂ ਜਿੱਤਣਾ ਚਾਹੁੰਦੇ ਹਨ ਤੇ ਸ੍ਰੀ ਮਾਨ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਤੇ ਸ੍ਰੀ ਕੇਜਰੀਵਾਲ ਦੀਆਂ ਗੱਲਾਂ ਵਿਚ ਆਉਣ ਦੀ ਥਾਂ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ।