ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪ੍ਰੈੱਸ ਕਾਨਫਰੰਸ ਮੌਕੇ ਸ੍ਰੀ ਕਾਲਕਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਤੁਰੰਤ ਹੁਕਮ ਨਾ ਦਿੱਤੇ ਤਾਂ ਦਿੱਲੀ ਕਮੇਟੀ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਸ੍ਰੀ ਕਾਲਕਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗ੍ਰਹਿ ਮੰਤਰੀ ਸਤੇਂਦਰ ਜੈਨ ਦੀ ਅਗਵਾਈ ਵਾਲੇ ਸਜ਼ਾ ਸਮੀਖਿਆ ਬੋਰਡ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਕੇਸ ਰੱਦ ਕਰ ਦਿੱਤਾ ਹੈ ਜਦਕਿ ਸ੍ਰੀ ਕੇਜਰੀਵਾਲ ਇਹ ਆਖ ਰਹੇ ਹਨ ਕਿ ਉਨ੍ਹਂ ਦਾ ਰਿਹਾਈ ਪ੍ਰਕਿਰਿਆ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਇਸਦੀ ਕੋਈ ਜਾਣਕਾਰੀ ਹੈ। ਮੀਡੀਆ ਨੂੰ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ ਦੀ ਕਾਰਵਾਈ ਦੇ ਵੇਰਵੇ ਜਾਰੀ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਇਸ ਬੋਰਡ ਵਿੱਚ 7 ਵਿੱਚੋਂ 5 ਮੈਂਬਰ ਸ੍ਰੀ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨਾਲ ਸਬੰਧਤ ਹਨ ਤੇ ਹਾਲੇ ਵੀ ਸ੍ਰੀ ਕੇਜਰੀਵਾਲ ਝੂਠ ਬੋਲ ਹਨ। ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸ੍ਰੀ ਕੇਜਰੀਵਾਲ ਨੂੰ ਭਾਈ ਇਕਬਾਲ ਸਿੰਘ ਫਰਾਂਸ ਵਾਲਿਆਂ ਨਾਲ ਕੀਤਾ ਵਾਅਦਾ ਵੀ ਚੇਤੇ ਕਰਵਾਇਆ ਜਦੋਂ ਉਨ੍ਹਾਂ ਕਿਹਾ ਸੀ ਕਿ ਪ੍ਰੋ. ਭੁੱਲਰ ਦੀ ਰਿਹਾਈ ਜਲਦੀ ਹੋਵੇਗੀ। ਸ੍ਰੀ ਕਾਲਕਾ ਨੇ ਕਿਹਾ ਹੈ ਉਨ੍ਹਾਂ ਇਸ ਮਾਮਲੇ ’ਤੇ ਸ੍ਰੀ ਕੇਜਰੀਵਾਲ ਨੂੰ ਚਿੱਠੀ ਵੀ ਲਿਖੀ ਹੈ ਤੇ ਮਿਲਣ ਦਾ ਸਮਾਂ ਵੀ ਮੰਗਿਆ ਹੈ ਪਰ ਸ੍ਰੀ ਕੇਜਰੀਵਾਲ ਮਿਲਣ ਦਾ ਸਮਾਂ ਨਹੀਂ ਦੇ ਰਹੇ।