ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਪਰੈਲ
ਰਾਜ਼ੌਰੀ ਗਾਰਡਨ ਵਾਰਡ ਦੇ ਜਾਗੋ ਦੇ ਉਮੀਦਵਾਰ ਬਲਦੀਪ ਸਿੰਘ ਰਾਜਾ ਨੇ ਸੁਭਾਸ਼ ਨਗਰ ਦੇ ਇਲਾਕੇ ਵਿੱਚ ਆਪਣੇ ਸਮਰਥਕਾਂ ਨਾਲ ਗਲੀਆਂ ਵਿੱਚ ਘੁੰਮੇ ਤੇ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨਾਲ ਨੌਜਵਾਨਾਂ ਦੇ ਕਈ ਜੱਥੇ ਸਨ। ਉਨ੍ਹਾਂ ਕਈ ਵੱਖਰੇ ਦਫ਼ਤਰ ਖੋਲ੍ਹ ਲਏ ਹਨ। ਉਨ੍ਹਾਂ ਅੱਜ ਗੁਰਦੁਆਰਾ ਗੁਰੂ ਸਿੰਘ ਸਭਾ ਰਾਜ਼ੌਰੀ ਗਾਰਡਨ ਵਿੱਚ ਇਲਾਕੇ ਦੀ ਸੰਗਤ ਦੇ ਦਰਸ਼ਨ ਕੀਤੇ। ਸ੍ਰੀ ਰਾਜਾ ਨੇ ਇਸ ਮੌਕੇ ਕਿਹਾ ਕਿ ਵਿਸਾਖੀ ਮੌਕੇ ਉਪ ਖ਼ਾਲਸਾ ਸਾਜਣਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਉਨ੍ਹਾਂ ਸੰਗਤ ਨੂੰ ਕਿਹਾ ਕਿ ਦਸ਼ਮ ਪਾਤਸ਼ਾਹ ਵੱਲੋਂ ਬਖ਼ਸ਼ਿਸ਼ ਦਸਤਾਰ ਦੀ ਅਹਿਮੀਅਤ ਬਾਰੇ ਨੌਜਵਾਨ ਪੀੜ੍ਹੀ ਨੂੰ ਹਰ ਹਾਲ ਵਿੱਚ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜੋ ਸੰਸਕਾਰ ਮਾਪਿਆਂ ਤੋਂ ਮਿਲਦੇ ਹਨ ਉਹ ਹਮੇਸ਼ਾ ਅਸਰਦਾਰ ਰਹਿੰਦੇ ਹਨ। ਉਨ੍ਹਾਂ ਸਮੱਸਿਆਵਾਂ ਬਾਰੇ ਵੀ ਇਲਾਕੇ ਦੇ ਸਿੱਖਾਂ ਨਾਲ ਗੱਲਬਾਤ ਕੀਤੀ। ਸ੍ਰੀ ਰਾਜਾ ਨੇ ਕਿਹਾ ਕਿ ਨਵੀਂ ਪਨੀਰੀ ਲਈ ਉੱਚ-ਸਿੱਖਿਆ ਦੇ ਬਿਹਤਰ ਮੌਕੇ ਪੈੈਦਾ ਕਰਨ ਉਨ੍ਹਾਂ ਦੀ ਪਹਿਲ ਹੋਵੇਗੀ। ਇਸ ਮੌਕੇ ਅਮਰਜੀਤ ਸਿੰਘ ਵੀ ਹਾਜ਼ਰ ਸਨ। ਇੱਥੇ ਬਹੁਕੋਣਾ ਮੁਕਾਬਲਾ ਹੈ। ਇੱਥੋਂ ਸ੍ਰੀ ਰਾਜਾ ਦੇ ਭਰਾ ਹਰਮਨਜੀਤ ਸਿੰਘ ਲਗਾਤਾਰ ਕਮੇਟੀ ਮੈਂਬਰ ਬਣਦੇ ਰਹੇ ਹਨ ਪਰ ਇਸ ਵਾਰ ਉਨ੍ਹਾਂ ਚੋਣ ਲੜਨ ਲਈ ਆਪਣੇ ਛੋਟੇ ਭਰਾ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ’ਤੇ ਗੁਰੂ ਨਾਨਕ ਡਿਸਪੈਂਸਰੀ ਤੇ ਸਕੂਲ ਦੀ ਵੱਡੀ ਜ਼ਿੰਮੇਵਾਰੀ ਪਈ ਹੋਈ ਹੈ।