ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਦੇ ਸਬੰਧ ’ਚ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਉਨ੍ਹਾਂ ਦੇ ਜੀਵਨ ਤੇ ਲੇਖਣੀ ’ਤੇ ਆਧਾਰਤ ‘ਭਾਈ ਵੀਰ ਸਿੰਘ ਆਨਲਾਈਨ ਅੰਤਰ-ਸਕੂਲ ਭਾਸ਼ਣ ਮੁਕਾਬਲਾ 2022’ ਕਰਵਾਇਆ ਗਿਆ, ਜਿਸ ਦਾ ਵਿਸ਼ਾ ‘ਭਾਈ ਵੀਰ ਸਿੰਘ ਦਾ ਜੀਵਨ ਤੇ ਰਚਨਾਵਾਂ’ ਸੀ।
ਇਸ ਮੁਕਾਬਲੇ ਵਿੱਚ ਦਿੱਲੀ ਦੇ 18 ਸਕੂਲਾਂ ਦੇ ਤਕਰੀਬਨ 36 ਵਿਦਿਆਰਥੀਆਂ ਨੇ ਹਿੱਸਾ ਲਿਆ। ਹਰ ਵਿਦਿਆਰਥੀ ਲਈ ਬੋਲਣ ਦਾ ਸਮਾਂ ਪੰਜ ਮਿੰਟ ਨਿਰਧਾਰਤ ਕੀਤਾ ਗਿਆ ਸੀ। ਵਿਦਿਆਰਥੀ ਪੰਜਾਬੀ, ਅੰਗਰੇਜ਼ੀ, ਹਿੰਦੀ ’ਚੋਂ ਕਿਸੇ ਵੀ ਭਾਸ਼ਾ ’ਚ ਬੋਲ ਸਕਦੇ ਸਨ। ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪੋ ਆਪਣੇ ਵਿਸ਼ੇ ’ਤੇ ਭਾਸ਼ਣ ਦਿੱਤਾ। ਪ੍ਰੋਗਰਾਮ ਦੇ ਅਖੀਰ ’ਚ ਜੱਜ ਸਾਹਿਬਾਨ ਡਾ. ਕੁਲਦੀਪ ਕੌਰ ਪਾਹਵਾ ਅਤੇ ਡਾ. ਹਰਬੰਸ ਕੌਰ ਸਾਗੂ ਨੇ ਭਾਸ਼ਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਦਾ ਐਲਾਨ ਕੀਤਾ। ਭਾਸ਼ਣ ਮੁਕਾਬਲੇ ਵਿੱਚ ਕੁੱਲ 9 ਵਿਦਿਆਰਥੀਆਂ ਨੂੰ ਇਨਾਮ ਪ੍ਰਾਪਤ ਹੋਏ।
ਪਹਿਲਾ ਇਨਾਮ ਦੋ ਵਿਦਿਆਰਣਾਂ ਮਾਤਾ ਜੈ ਕੌਰ ਪਬਲਿਕ ਸਕੂਲ, ਅਸ਼ੋਕ ਵਿਹਾਰ ਦੀ ਹਰਕੀਰਤ ਕੌਰ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੂੰ ਮਿਲਿਆ। ਦੂਜੇ ਇਨਾਮ ਦੀ ਹੱਕਦਾਰ ਜਸਪਾਲ ਕੌਰ ਪਬਲਿਕ ਸਕੂਲ, ਸ਼ਾਲੀਮਾਰ ਬਾਗ ਦੀ ਵਿਦਿਆਰਥਣ ਜਸਮਨ ਕੌਰ ਅਤੇ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਦੀ ਵਿਦਿਆਰਥਣ ਅਰਸ਼ਦੀਪ ਕੌਰ ਬਣੀਆਂ। ਤੀਜੇ ਇਨਾਮ ਲਈ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਮਾਨਸਰੋਵਰ ਗਾਰਡਨ ਦੀ ਵਿਦਿਆਰਥਣ ਮਨਪ੍ਰੀਤ ਕੌਰ ਅਤੇ ਮਾਤਾ ਜੈ ਕੌਰ ਪਬਲਿਕ ਸਕੂਲ, ਅਸ਼ੋਕ ਵਿਹਾਰ ਦੀ ਵਿਦਿਆਰਥਣ ਮਨਤਨ ਕੌਰ ਨੂੰ ਚੁਣਿਆ ਗਿਆ। ਦੋ ਹੌਸਲਾ-ਅਫ਼ਜ਼ਾਈ ਇਨਾਮ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਮਾਨਸਰੋਵਰ ਗਾਰਡਨ ਦੇ ਵਿਦਿਆਰਥੀ ਹਰਜਸ ਸਿੰਘ ਅਤੇ ਮਾਤਾ ਗੁਜਰੀ ਪਬਲਿਕ ਸਕੂਲ, ਗ੍ਰੇਟਰ ਕੈਲਾਸ਼ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੂੰ ਦਿੱਤੇ ਗਏ। ਇਸ ਤੋਂ ਇਲਾਵਾ ਇਕ ਵਿਸ਼ੇਸ਼ ਸਨਮਾਨ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਦੇ ਵਿਦਿਆਰਥੀ ਸੁਸ਼ਾਂਤ ਸ਼ਰਮਾ ਨੂੰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਹ ਸਾਰੇ ਇਨਾਮ ‘ਨਕਦ ਰਾਸ਼ੀ ਅਤੇ ਮੋਮੈਂਟੋ’ ਸਹਿਤ ਸਦਨ ਵਿੱਚ ਇਕ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਦਾਨ ਕੀਤੇ ਜਾਣਗੇ ਅਤੇ ਨਾਲ ਹੀ ਸਦਨ ਵੱਲੋਂ ਭਾਸ਼ਣ ਮੁਕਾਬਲੇ ’ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਪੁਸਤਕਾਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਸੁੰਦਰ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਚੰਗਾ ਜੀਵਨ ਜਿਊਣ ਅਤੇ ਚੰਗੇ ਨਾਗਰਿਕ ਬਣਨ ਦੀ ਤਾਕੀਦ ਕੀਤੀ।