ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਗੁਰੂ ਨਾਨਕ ਡਿਸਪੈਂਸਰੀ, ਰਾਜੌਰੀ ਗਾਰਡਨ ਵਿੱਚ ਮਰੀਜ਼ਾਂ ਦੀ ਤਦਾਦ ਵੱਧ ਗਈ ਹੈ ਤੇ ਇੱਥੇ ਪ੍ਰਬੰਧਕਾਂ ਵੱਲੋਂ ਸਹੂਲਤਾਂ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਦਿੱਲੀ ਦੇ ਸਨਅਤਕਾਰਾਂ, ਕਾਰੋਬਾਰੀ ਸ਼ਖ਼ਸ਼ੀਅਤਾਂ ਦੇ ਸਹਿਯੋਗ ਨਾਲ ਇਸ ਡਿਸਪੈਂਸਰੀ ਵਿੱਚ ਰੋਜ਼ਾਨਾ 450-600 ਮਰੀਜ਼ ਆਉਂਦੇ ਹਨ।
ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਦੰਦਾਂ ਦੇ ਮਰੀਜ਼ ਰੋਜ਼ਾਨਾ 30-35 ਆ ਰਹੇ ਹਨ। ਫਿਜ਼ੀਓਥੈਰੇਪੀ ਦੇ 100 ਤੋਂ ਜ਼ਿਆਦਾ ਮਰੀਜ਼ ਸੇਵਾਵਾਂ ਲੈ ਰਹੇ ਹਨ। ਹਫ਼ਤੇ ਵਿੱਚ 3 ਦਿਨ ਡਾਇਲੈਸਿਸ ਲਈ 30 ਮਰੀਜ਼ਾਂ ਦੀ ਸਮਰੱਥਾ ਹੈ। 50 ਤੋਂ ਵੱਧ ਮਰੀਜ਼ ਅੱਖਾਂ ਦੀ ਜਾਂਚ ਲਈ ਆ ਰਹੇ ਹਨ ਕਿਉਂਕਿ ਪ੍ਰਦੂਸ਼ਣ ਦਾ ਅਸਰ ਅੱਖਾਂ ਉਪਰ ਵੀ ਪੈਂਦਾ ਹੈ। ਐਕਿਊਪ੍ਰੈਸ਼ਰ ਲਈ 20 ਤੋਂ 25 ਮਰੀਜ਼ ਰੋਜ਼ਾਨਾ ਇਲਾਜ ਕਰਵਾਉਂਦੇ ਹਨ।
ਹੱਡੀਆਂ ਦੇ ਵੀ ਰੋਜ਼ਾਨਾ 30 ਤੋਂ ਵੱਧ ਮਰੀਜ਼ ਡਾਕਟਰੀ ਸਹੂਲਤਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਰਹਿਣ ਸਹਿਣ ਤੇ ਖਾਣ-ਪੀਣ ਦੀਆਂ ਬਦਲੀਆਂ ਆਦਤਾਂ ਦੇ ਮੱਦੇਨਜ਼ਰ ਡਾਕਟਰਾਂ ਵੱਲੋਂ ਕੁਦਰਤੀ ਤਰੀਕੇ ਅਪਨਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਪਿਸ਼ੌਰੀ ਜਸਪ੍ਰੀਤ ਸਿੰਘ ਗੋਲਾ ਨੇ ਦੱਸਿਆ ਕਿ ਕੈਂਸਰ ਦੇ ਮਰੀਜ਼ਾਂ ਲਈ ਸਸਤੀ ਕੀਮੋਥ੍ਰੈਪੀ ਹੋਣ ਕਰਕੇ 3 ਮਰੀਜ਼ ਔਸਤ ਆਉਂਦੇ ਹਨ। ਡਿਸਪੈਂਸਰੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਇੱਥੇ ਸਹੂਲਤਾਂ ਵਿਚ ਲਗਾਤਾਰ ਵਾਧਾ ਕੀਤਾ ਜਾਵੇਗਾ ਤਾਂ ਕਿ ਲੋਕਾਂ ਦੀ ਭਲਾਈ ਹੋ ਸਕੇ। ਉਨ੍ਹਾਂ ਕਿਹਾ ਕਿ ਹੁਣ ਵੀ ਵੱਡੀ ਗਿਣਤੀ ਵਿਚ ਲੋਕ ਸਿਹਤ ਸਹੂਲਤਾਂ ਦਾ ਫਾਇਦਾ ਲੈ ਰਹੇ ਹਨ ਤੇ ਡਿਸਪੈਂਸਰੀ ਆ ਰਹੇ ਹਨ। ਕਿਫਾਇਤੀ ਢੰਗ ਨਾਲ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ।