ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਬੂਟਿਆਂ ਦੀ ਮੁਫਤ ਵੰਡ ਪ੍ਰਣਾਲੀ ਦਾ ਜਾਇਜ਼ਾ ਲੈਣ ਲਈ ਆਈਟੀਓ ਨਰਸਰੀ ਦਾ ਦੌਰਾ ਕੀਤਾ ਤੇ ਵੱਖ-ਵੱਖ ਸੰਸਥਾਵਾਂ ਨੂੰ ‘ਚਿਕਿਤਸਕ ਬੂਟੇ’ ਵੰਡੇ। ਇਸ ਦੌਰਾਨ ਗੋਪਾਲ ਰਾਏ ਨੇ ਦੱਸਿਆ ਕਿ ਆਧੁਨਿਕ ਟੈਕਨਾਲੋਜੀ ਨਾਲ ਚਿਕਿਤਸਕ ਬੂਟਿਆਂ ਨੂੰ ਵਿਕਸਤ ਕਰਨ ਲਈ ਆਈਟੀਓ ਨਰਸਰੀ ਵਿੱਚ ਜੰਗਲਾਤ ਵਿਭਾਗ ਦੇ ਪਹਿਲੇ ‘ਗ੍ਰੀਨ ਹਾਊਸ’ ਦਾ ਉਦਘਾਟਨ ਕੀਤਾ ਗਿਆ ਹੈ। ਲੋਕ ਨਰਸਰੀ ਤੋਂ ਬੂਟੇ ਲੈਣ ਆ ਰਹੇ ਹਨ। ਇਸ ਲਈ ਗ੍ਰੀਨ ਹਾਊਸ ਨੂੰ ਘੱਟ ਸਮੇਂ ਵਿੱਚ ਵਧੇਰੇ ਬੂਟੇ ਉਗਾਉਣ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਪ੍ਰਦੂਸ਼ਣ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ। ਇਸ ਦੌਰਾਨ ਦਿੱਲੀ ਦੇ ਵਾਤਾਵਰਨ ਮੰਤਰੀ ਨੇ ਵੱਖ-ਵੱਖ ਸੰਗਠਨਾਂ ਨੂੰ ਆਰਡਬਲਯੂਏ, ਐਨਜੀਓ ਅਤੇ ਉੱਥੋਂ ਦੇ ਲੋਕਾਂ ਨੂੰ ਮੁਫਤ ਵੰਡੇ ਜਾ ਰਹੇ ਚਿਕਿਤਸਕ ਬੂਟਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 5 ਜੂਨ ਤੋਂ ਦਿੱਲੀ ਸਰਕਾਰ ਦੀਆਂ 14 ਨਰਸਰੀਆਂ ਵੱਲੋਂ ਲੋਕਾਂ ਨੂੰ ਚਿਕਿਤਸਕ ਬੂਟਿਆਂ ਦੀ ਮੁਫਤ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਲੋਕਾਂ ਨੇ ਆਪਣੇ ਘਰਾਂ ਵਿੱਚ ਦਿੱਲੀ ਸਰਕਾਰ ਦੀਆਂ ਨਰਸਰੀਆਂ ਤੋਂ ਤਕਰੀਬਨ 7 ਲੱਖ ਦਵਾਈਆਂ ਦੇ ਬੂਟੇ ਲਗਾਏ ਸਨ। ਸਾਡੀ ਕੋਸ਼ਿਸ਼ ਹੈ ਕਿ ਪੌਦੇ ਜਲਦੀ ਤੋਂ ਜਲਦੀ ਨਰਸਰੀ ਵਿਚ ਤਿਆਰ ਹੋਣੇ ਚਾਹੀਦੇ ਹਨ ਜਿਸ ਲਈ ਇਹ ਗ੍ਰੀਨ ਹਾਊਸ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੌਲੀ ਹੌਲੀ ਦਿੱਲੀ ਸਰਕਾਰ ਆਪਣੀਆਂ ਸਾਰੀਆਂ ਨਰਸਰੀਆਂ ਵਿੱਚ ਗ੍ਰੀਨ ਹਾਊਸ ਤਿਆਰ ਕਰੇਗੀ। ਵਾਤਾਵਰਨ ਮੰਤਰੀ ਨੇ ਕਿਹਾ ਕਿ ਇਹ ਚਿਕਿਤਸਕ ਬੂਟੇ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਜੇ ਇਹ ਚਿਕਿਤਸਕ ਪੌਦੇ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਲ ਕੀਤੇ ਜਾਂਦੇ ਹਨ ਤਾਂ ਲੋਕਾਂ ਨੂੰ ਜ਼ਰੂਰ ਲਾਭ ਹੋਵੇਗਾ।