ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਈ
ਕੌਮੀ ਰਾਜਧਾਨੀ ਦੇ ਰਾਣੀ ਬਾਗ਼ ਇਲਾਕੇ ’ਚ ਚਾਰ ਲੁਟੇਰਿਆਂ ਨੇ ਮਾਂ-ਪੁੱਤ ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ 40 ਲੱਖ ਰੁਪਏ ਲੁੱਟ ਲਏ। ਘਟਨਾ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਰਸਵਤੀ ਵਿਹਾਰ ’ਚ ਅਜੇ ਕੁਮਾਰ ਦਾ ਇਲੈਕਟ੍ਰਿਕ ਉਪਕਰਨਾਂ ਦਾ ਸ਼ੋਅ ਰੂਮ ਹੈ। ਉਹ ਸੋਮਵਾਰ ਰਾਤ ਨੂੰ ਆਪਣੀ ਮਾਂ ਰੇਣੂ ਦੇਵੀ ਨਾਲ ਸ਼ੋਅ ਰੂਮ ਦਾ ਕੰਮ-ਕਾਜ ਦੇਖ ਰਿਹਾ ਸੀ। ਇਸ ਦੌਰਾਨ ਸਾਰੇ ਕਰਮਚਾਰੀ ਪਹਿਲਾਂ ਹੀ ਆਪਣੇ ਘਰਾਂ ਨੂੰ ਜਾ ਚੁੱਕੇ ਸਨ। ਜਦੋਂਕਿ ਦੋਵੇਂ ਮਾਂ-ਪੁੱਤ ਸ਼ੋਅ ਰੂਮ ਦਾ ਕੰਮ ਖਤਮ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਚਾਰ ਨਕਾਬਪੋਸ਼ ਜਬਰੀ ਸ਼ੋਅਰੂਮ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਸਨ। ਲੁਟੇਰੇ ਸਿੱਧੇ ਉਸ ਥਾਂ ’ਤੇ ਚਲੇ ਗਏ ਜਿੱਥੇ ਪੈਸੇ ਰੱਖੇ ਹੋਏ ਸਨ। ਜਦੋਂ ਉਹ ਪੈਸੇ ਕੱਢ ਰਹੇ ਸਨ ਤਾਂ ਮਾਂ-ਪੁੱਤ ਨੇ ਲੁਟੇਰਿਆਂਂ ਨੇ ਪਿਸਤੌਲ ਦਿਖਾ ਕੇ ਬਿਰਧ ਔਰਤ ਨੂੰ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਉਹ ਦੋਪਹੀਆ ਵਾਹਨ ’ਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਅਜੈ ਨੇ ਪੁਲੀਸ ਨੂੰ ਲੁੱਟ ਦੀ ਸੂਚਨਾ ਦਿੱਤੀ। ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਲੁਟੇਰੇ ਕਾਫੀ ਸਮੇਂ ਤੋਂ ਇਲਾਕੇ ’ਚ ਘੁੰਮ ਰਹੇ ਸਨ। ਫਿਰ ਫਲਾਈਓਵਰ ’ਤੇ ਚੜ੍ਹ ਕੇ ਪੀਰਾਗੜ੍ਹੀ ਵੱਲ ਭੱਜ ਗਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਪੈਸਾ ਕਮੇਟੀ ਦਾ ਸੀ ਜਿਸ ਨੂੰ ਕਈ ਸੌ ਲੋਕਾਂ ਨੇ ਜਮ੍ਹਾਂ ਕਰਵਾਇਆ ਸੀ।