ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕੇਂਦਰੀ ਰਾਜ ਰੇਲ ਤੇ ਕੱਪੜਾ ਮੰਤਰੀ ਸ੍ਰੀਮਤੀ ਦਰਸ਼ਨਾ ਜਰਦੋਸ਼ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਨਾਂਦੇੜ ਸਾਹਿਬ ਨੂੰ ਜਾਂਦੀ ਰੇਲਗੱਡੀ ਵਿੱਚ 4 ਵਾਧੂ ਡੱਬੇ ਲਾਉਣ ਦੀ ਮਨਜ਼ੂਰੀ ਦਿੱਤੀ ਹੈ। ਦਿੱਲੀ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਨੇ ਦੱਸਿਆ ਕਿ ਸੰਗਤਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੂੰ ਕਰੋਨਾ ਮਗਰੋਂ ਸ਼ਰਧਾਲੂਆਂ ਦੀ ਖਾਸੀ ਭੀੜ ਵਧਣ ਕਰਕੇ ਜਾਣਾ ਔਖਾ ਹੋ ਗਿਆ ਹੈ। ਸ੍ਰੀ ਵਿਰਕ ਨੇਦੱਸਿਆ ਕਿ ਸੰਗਤ ਦੀ ਮੰਗ ਕੇਂਦਰ ਸਰਕਾਰ ਤੱਕ ਪਹੁੰਚਾਈ ਗਈ ਸੀ ਤੇ ਕੇਂਦਰੀ ਰੇਲ ਮੰਤਰਾਲੇ ਨੇ ਮੰਗ ਮੰਨਦਿਆਂ ਚਾਰਵਾਧੂ ਡੱਬੇ ਨਾਂਦੇੜ ਸਾਹਿਬ ਨੂੰ ਜਾਂਦੀ ਗੱਡੀ ਵਿੱਚ ਲਗਵਾਏ ਗਏ ਹਨ। ਦਿੱਲੀ ਕਮੇਟੀ ਵੱਲੋਂ ਬਦਰਪੁਰ ਦੇ ਮੈਂਬਰ ਨੇ ਕੁਝ ਡੱਬੇ ਬੁੱਕ ਕਰ ਕੇ ਸੰਗਤ ਨੂੰ ਨਾਂਦੇੜ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਉਪਰਾਲਾ ਵੀ ਕੀਤਾ ਹੈ।