ਕੁਲਦੀਪ ਸਿੰਘ
ਨਵੀਂ ਦਿੱਲੀ, 1 ਜਨਵਰੀ
ਇੱਥੇ ਅੱਜ ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਮਾਨਸਰੋਵਰ ਗਾਰਡਨ ਦਿੱਲੀ ਵਿੱਚ ਓਲੰਪਿਕ ਤੇ ਏਸ਼ਿਆਈ ਖੇਡਾਂ ਵਿੱਚ ਚੁਣੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਇਸ ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰੀਆਂ। ਸਤਿਗੁਰੂ ਉਦੇ ਸਿੰਘ ਦੀ ਬਖ਼ਸ਼ਿਸ਼ ਨਾਲ 12ਵੀਂ ਜਮਾਤ ਦੇ ਵਿਦਿਆਰਥੀ ਗੁਰਦਿਆਲ ਸਿੰਘ ਪੁੱਤਰ ਗੁਰਸੇਵਕ ਸਿੰਘ ਨੇ 7ਵੀਂ ਪਾਵਰ ਲਿਫਟਿੰਗ ਵਰਲਡ ਚੈਂਪੀਅਨਸ਼ਿਪ ਜੋ ਰੂਸ, ਮਾਸਕੋ ਵਿੱਚ ਹੋਈ ਸੀ ਵਿੱਚ ਹਿੱਸਾ ਲੈਂਦੇ ਹੋਏ ਦੋ-ਦੋ ਸੋਨੇ ਦੇ ਤਗ਼ਮੇ ਜਿੱਤੇ ਅਤੇ ਹੁਣ ਇਸ ਵਿਦਿਆਰਥੀ ਦੀ ਚੋਣ ਓਲੰਪਿਕ ਖੇਡਾਂ ਲਈ ਵੀ ਹੋਈ ਹੈ। ਇਸੇ ਤਰ੍ਹਾਂ ਵਿਦਿਆਰਥਣ ਖੁਸ਼ਬੂ ਰਾਣਾ ਪੁੱਤਰੀ ਰੋਹਿਤ ਰਾਣਾ, ਅਤੇ ਦੋ ਹੋਰ ਵਿਦਿਆਰਥੀ ਤਰੁਣ ਕੁਮਾਰ ਅਤੇ ਕ੍ਰਿਸ਼ਨਾ ਨੇ ਰੋਹਤਕ ਹਰਿਆਣਾ ਵਿੱਚ ਹੋਈ ਨੈਸ਼ਨਲ ਪ੍ਰੀ-ਟੀਨ ਸਬ-ਜੂਨੀਅਰ ਅਤੇ ਜੂਨੀਅਰ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਖੁਸ਼ਬੂ ਰਾਣਾ ਨੇ ਗੋਲਡ ਮੈਡਲ ਜਿੱਤਿਆ। ਖੁਸ਼ਬੂ ਰਾਣਾ ਸਮੇਤ ਦੋ ਹੋਰ ਵਿਦਿਆਰਥੀਆਂ ਦੀ 2022 ਦੀਆਂ ਏਸ਼ੀਅਨ ਖੇਡਾਂ ਲਈ ਚੋਣ ਹੋਈ ਹੈ। ਇਸ ਤੋਂ ਇਲਾਵਾ ਖੁਸ਼ਬੂ ਰਾਣਾ ਨੂੰ ਭਾਰਤ ਸਰਕਾਰ ਵੱਲੋਂ ਸਕਾਰਲਸ਼ਿਪ ਵਜੋਂ ਇੱਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਕੋਚ ਮਨੋਹਰ ਚੌਧਰੀ ਦਾ ਸਕੂਲ ਚੇਅਰਮੈਨ ਐੱਚਐੱਸ ਹੰਸਪਾਲ, ਮੈਨੇਜਰ ਸਤਵੰਤ ਕੌਰ, ਪ੍ਰਿੰਸੀਪਲ ਪੂਜਾ ਸਿੰਗਲ, ਵਾਈਸ ਪ੍ਰਿੰਸੀਪਲ ਸੁਧੀਰ ਤਿਵਾੜੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਵਲੋਂ ਗੁਰਦਿਆਲ ਸਿੰਘ ਦੀ ਹੌਸਲਾ ਅਫਜ਼ਾਈ ਲਈ ਤੀਹ ਹਜ਼ਾਰ ਰੁਪਏ ਦੇ ਕੇ ਸਨਮਾਨਿਤ ਵੀ ਕੀਤਾ ਗਿਆ।