ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਫਰਵਰੀ
ਸਿੰਘੂ ਹੱਦ ‘ਤੇ ਹੌਲੀ-ਹੌਲੀ ਨਜ਼ਰੀਆ ਬਦਲ ਰਿਹਾ ਹੈ। 8 ਦਿਨ ਪਹਿਲਾਂ ਜਿੱਥੇ ਪੰਜਾਬ ਦੇ ਕਿਸਾਨ ਧਰਨੇ ‘ਤੇ ਭਰਪੂਰ ਸਨ ਉਥੇ ਹੀ ਹਰਿਆਣਾ ਦੇ ਕਿਸਾਨਾਂ ਦਾ ਦਬਦਬਾ ਵੱਧਦਾ ਜਾ ਰਿਹਾ ਹੈ। ਸਿੰਘੂ ‘ਤੇ ਨਾ ਸਿਰਫ ਹੁੱਕਾ ਦੀ ਗਿਣਤੀ ਵੱਧ ਰਹੀ ਹੈ, ਬਲਕਿ ਪਿੰਡਾਂ ਤੋਂ ਪਹੁੰਚ ਰਹੇ ਕਿਸਾਨਾਂ ਦੇ ਵੱਖ-ਵੱਖ ਤੰਬੂ ਵੀ ਦਿਖਾਈ ਦੇ ਰਹੇ ਹਨ। ਖਾਪਾਂ ਦੇ ਸੱਦੇ ਤੋਂ ਬਾਅਦ ਹੁਣ ਔਰਤਾਂ ਵੀ ਸਰਗਰਮ ਹਨ। ਹਰ ਰੋਜ਼ ਔਰਤਾਂ ਟਰੈਕਟਰ-ਟਰਾਲੀਆਂ ਵਿਚ ਨੱਚਦੀਆਂ ਅਤੇ ਗਾਉਂਦੀਆਂ ਵੇਖੀਆਂ ਜਾਂਦੀਆਂ ਹਨ। ਕਿਸਾਨ ਰੋਜ਼ਾਨਾ 100 ਤੋਂ 200 ਟਰੈਕਟਰ-ਟਰਾਲੀਆਂ ਲੈ ਕੇ ਧਰਨੇ ’ਤੇ ਪੁੱਜ ਰਹੇ ਹਨ। ਔਰਤਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ। ਪਰ ਹੁਣ ਔਰਤਾਂ ਨੇ ਅੰਨਦਾਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਲਈ ਮੋਰਚਾ ਸੰਭਾਲ ਲਿਆ ਹੈ। ਔਰਤਾਂ ਸਿਰਫ ਰਾਸ਼ਨਾਂ ਨਾਲ ਹੀ ਕਿਸਾਨਾਂ ਤੱਕ ਨਹੀਂ ਪਹੁੰਚ ਰਹੀਆਂ ਬਲਕਿ ਲੰਗਰ ਵਿੱਚ ਵੀ ਕੰਮ ਕਰ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਹਰਿਆਣਾ ਦੀਆਂ ਔਰਤਾਂ ਪੰਜਾਬ ਦੀਆਂ ਔਰਤਾਂ ਨਾਲ ਬਹੁਤ ਜ਼ਿਆਦਾ ਵਿਚਾਰ ਵਟਾਂਦਰੇ ਕਰ ਰਹੀਆਂ ਹਨ ਅਤੇ ਆਪਣੀਆਂ ਖੁਸ਼ੀਆਂ ਅਤੇ ਦੁੱਖ ਸਾਂਝਾ ਕਰ ਰਹੀਆਂ ਹਨ।
ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਹੁਣ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਵੀ ਮੋਰਚਿਆਂ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਹਰਿਆਣਾ ਦੇ ਨੇੜਲੇ ਜ਼ਿਲ੍ਹਿਆਂ ਤੋਂ ਔਰਤਾਂ ਬੱਚਿਆਂ ਸਮੇਤ ਉਸੇ ਤਰ੍ਹਾਂ ਹੀ ਸ਼ਿਰਕਤ ਕਰਨ ਲੱਗੀਆਂ ਹਨ ਜਿਵੇਂ ਪੰਜਾਬ ਤੋਂ ਔਰਤਾਂ ਬੱਚਿਆਂ ਸਮੇਤ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਆਉਂਦੀਆਂ ਹਨ। ਜਾਣਕਾਰੀ ਮੁਤਾਬਿਕ ਔਰਤਾਂ ਦੇ ਇਕ ਵੱਡੇ ਜਥੇ ਵਿੱਚ ਸ਼ਾਮਲ ਔਰਤਾਂ ਨੇ ਸ਼ੁੱਧ ਹਰਿਆਣਵੀ ਭਾਸ਼ਾ ਵਿੱਚ ਮੋਦੀ ਸਰਕਾਰ ਨੂੰ ਰੱਜ ਕੇ ਨਿੰਦਿਆ ਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ’ਤੇ ਸਿੱਧਾ ਵਾਰ ਕਰਾਰ ਦਿੱਤਾ ਗਿਆ।
ਸੋਨੀਪਤ ਜ਼ਿਲ੍ਹੇ ਦੇ ਪਿੰਡ ਸਾਮੜੀ ਦੀ ਇਕ ਔਰਤ ਨੇ ਕਿਹਾ ਕਿ ਮੋਦੀ ਦੀਆਂ ਨੀਤੀਆਂ ਕਰਕੇ ਹੀ ਉਹ ਬਾਰਡਰ ਉਪਰ ਆਉਣ ਲਈ ਮਜਬੂਰ ਹੋਈਆਂ ਹਨ। ਹਾਲਾਂਕਿ ਕਈ ਔਰਤਾਂ ਨੇ ਅਜੇ ਵੀ ਘੁੰਢ ਕੱਢੇ ਹੋਏ ਸਨ ਪਰ ਉਹ ‘ਮੋਦੀ ਸਰਕਾਰ ਹਾਏ, ਹਾਏ’, ‘ਕਾਲੇ ਕਾਨੂੰਨ ਵਾਪਸ ਲਓ’ ਦੇ ਨਾਅਰੇ ਜੋਸ਼ ਨਾਲ ਲਾ ਰਹੀਆਂ ਸਨ। ਹੁਣ ਦਿੱਲੀ ਦੇ ਤਿੰਨਾਂ ਮੁੱਖ ਬਾਰਡਰਾਂ ਦੇ ਧਰਨਿਆਂ ਵਿੱਚ ਹਰਿਆਣਵੀ ਔਰਤਾਂ ਦੀ ਚੋਖੀ ਗਿਣਤੀ ਹੋ ਗਈ ਹੈ। ਕਈ ਪਰਿਵਾਰ ਰੋਜ਼ਾਨਾ ਆਉਣ-ਜਾਣ ਕਰਦੇ ਹਨ।
ਜ਼ਿਕਰਯੋਗ ਹੈ ਕਿ 26 ਦੀ ਘਟਨਾ ਮਗਰੋਂ ਔਰਤਾਂ ਬੱਚਿਆਂ ਸਣੇ ਸੰਘਰਸ਼ ਵਿੱਚ ਕੁੱਦਣ ਲੱਗੀਆਂ ਹਨ ਤੇ ਉਹ ਕਈ ਮੋਰਚਿਆਂ ਵਿੱਚ ਮੰਚ ਉਤੇ ਵੀ ਸੰਬੋਧਨ ਕਰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦਾ ਪਰਿਵਾਰ ਉਥੇ ਬੈਠਾ ਹੈ ਤਾਂ ਉਹ ਘਰੇ ਕੀ ਕਰਨਗੀਆਂ। ਅੱਜ ਮੋਰਚੇ ਸ਼ਾਮਲ ਹੋਈਆਂ ਔਰਤਾਂ ਨੇ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ।
ਔਰਤਾਂ ਵੱਲੋਂ ਕਿਸਾਨਾਂ ਨਾਲ ਖੜ੍ਹਨ ਦਾ ਐਲਾਨ
ਪਿੰਡ ਭਿੰਡਵਾਲ ਤੋਂ ਪਹੁੰਚੀ ਬਿਮਲਾ ਅਤੇ ਦਰਸ਼ਨ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 2 ਮਹੀਨੇ ਦੇ ਵੱਧ ਸਮੇਂ ਤੋਂ ਧਰਨੇ ’ਤੇ ਬੈਠੇ ਹਨ, ਪਰ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ। ਹੁਣ ਕਿਸਾਨ ਇਨਕਲਾਬੀ ਕਦਮ ਚੁੱਕਣਗੇ, ਜਿਸ ਵਿੱਚ ਔਰਤਾਂ ਉਨ੍ਹਾਂ ਦੇ ਨਾਲ ਰਹਿਣਗੀਆਂ ਤੇ ਸਰਕਾਰ ਨੂੰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਜਬੂਰ ਹੋਣਾ ਪਵੇਗਾ। ਜੇ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਕਿਸਾਨ ਵੀ ਸਰਕਾਰ ਖ਼ਿਲਾਫ਼ ਅੜੇ ਰਹਿਣਗੇ। ਇਸ ਦੌਰਾਨ ਔਰਤਾਂ ਨੇ ਗੀਤਾਂ ਰਾਹੀਂ ਵੀ ਸਰਕਾਰ ਨੂੰ ਕੋਸਿਆ।