ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਭੰਗ ਕਰਨ ਵਾਲੇ ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੂੰ ਉਦੋਂ ਵੱਡਾ ਝਟਕਾ ਲੱਗਿਆ, ਜਦੋਂ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਮੀਤ ਕੌਰ ਵਾਲੀਆ ਆਪਣੇ ਸਾਥੀਆਂ ਸਮੇਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋ ਗਏ।
ਪਾਰਟੀ ਵਿਚ ਸ਼ਾਮਲ ਹੋਣ ’ਤੇ ਹਰਮੀਤ ਸਿੰਘ ਕਾਲਕਾ ਤੇ ਮਹਿੰਦਰਪਾਲ ਸਿੰਘ ਚੱਢਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਵਾਲੀਆ ਨੇ ਕਿਹਾ ਕਿ ਕੱਲ੍ਹ ਜਦੋਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੀ ਉਹ ਪਾਰਟੀ ਭੰਗ ਕਰ ਦਿੱਤੀ ਗਈ ਹੈ ਜਿਸ ਵਾਸਤੇ ਉਨ੍ਹਾਂ ਜੀਅ ਤੋੜ ਮਿਹਨਤ ਕੀਤੀ ਸੀ ਤੇ ਸਰਨਾ ਭਰਾਵਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਬਾਦਲ ਪਰਿਵਾਰ ਦਾ ਸਾਥ ਨਹੀਂ ਦੇ ਸਕਦੇ, ਜਿਨ੍ਹਾਂ ’ਤੇ ਪੰਥ ਨਾਲ ਧਰੋਹ ਕਮਾਉਣ ਦੇ ਦੋਸ਼ ਲੱਗੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪਾਰਟੀ ਲਈ ਪੂਰੀ ਮਿਹਨਤ ਨਾਲ ਕੰਮ ਕਰਦੇ ਰਹਿਣਗੇ। ਮਹਿੰਦਰਪਾਲ ਸਿੰਘ ਚੱਢਾ ਨੇ ਕਿਹਾ ਕਿ ਕੱਲ੍ਹ ਰਾਤ ਤੋਂ ਉਨ੍ਹਾਂ ਨੂੰ ਦਿੱਲੀ ਦੇ ਕੋਨੇ ਕੋਨੇ ਤੋਂ ਵੀਰਾਂ ਤੇ ਭੈਣਾਂ ਦੇ ਫੋਨ ਆ ਰਹੇ ਹਨ ਜੋ ਸਾਡੇ ਨਾਲ ਜੁੜਨਾ ਚਾਹੁੰਦੇ ਹਨ। ਇਸ ਮੌਕੇ ਸਰਪ੍ਰਸਤ ਭਜਨ ਸਿੰਘ ਵਾਲੀਆ, ਵਿਕਰਮਜੀਤ ਸਿੰਘ ਰੋਹਿਣੀ ਤੇ ਹੋਰ ਪਤਵੰਤੇ ਹਾਜ਼ਰ ਸਨ।