ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਈ
ਪੂਰਬੀ ਦਿੱਲੀ ਨਗਰ ਨਿਗਮ ਦੇ ਮੇਅਰ ਸ਼ਿਆਮ ਸੁੰਦਰ ਅਗਰਵਾਲ ਨੇ ਕਿਹਾ ਕਿ ਪ੍ਰਿੰਸੀਪਲ ਤੇ ਇੱਕ ਅਧਿਆਪਕ ਨੂੰ ਮੁਅੱਤਲ ਕਰਨ ਤੇ ਨਾਲ-ਨਾਲ ਭਜਨਪੁਰਾ ਦੇ ਇੱਕ ਸਕੂਲ ਦੇ ਠੇਕੇ ’ਤੇ ਰੱਖੇ ਸਟਾਫ ਦੀਆਂ ਸੇਵਾਵਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਗਿਆ ਹੈ। ਜ਼ਿਕਰਯੋਗ ਹੈ ਕਿ ਇਥੇ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਦੋ ਲੜਕੀਆਂ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਗਈ ਸੀ। ਸ਼ੁੱਕਰਵਾਰ ਨੂੰ ਮੇਅਰ ਨੇ ਕਿਹਾ ਕਿ ਇਹ ਫੈਸਲਾ ਪੂਰਬੀ ਦਿੱਲੀ ਨਗਰ ਨਿਗਮ ਅਧਿਕਾਰੀਆਂ ਵੱਲੋਂ ਲਿਆ ਗਿਆ ਹੈ ਤੇ ਬਾਅਦ ਵਿੱਚ ਇੱਕ ਅਧਿਕਾਰਤ ਆਦੇਸ਼ ਜਾਰੀ ਕੀਤੇ ਜਾਣ ਦੀ ਉਮੀਦ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਲਏ ਗਏ ਫੈਸਲੇ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਤੇ ਇੱਕ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਇੱਕ ਠੇਕੇ ‘ਤੇ ਰੱਖੇ ਅਧਿਆਪਕ ਜਿਸ ਨੂੰ ਇਹ ਮਾਮਲਾ ਪਹਿਲਾਂ ਦੱਸਿਆ ਗਿਆ ਸੀ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇੱਕ ਅਧਿਆਪਕ ਤੇ ਇੱਕ ਸਕੂਲ ਇੰਸਪੈਕਟਰ ਨੂੰ ਇੱਕ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਹੈ ਤੇ ਪੂਰਬੀ ਦਿੱਲੀ ਨਗਰ ਨਿਗਮ ਦੇ ਸਿੱਖਿਆ ਵਿਭਾਗ ਦੇ ਜ਼ੋਨਲ ਡਿਪਟੀ ਡਾਇਰੈਕਟਰ ਨੂੰ ਇੱਕ ‘ਸਖ਼ਤ ਚਿਤਾਵਨੀ’ ਦਿੱਤੀ ਗਈ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਦਾਅਵਾ ਕੀਤਾ ਸੀ ਕਿ ਜਦੋਂ ਵਿਦਿਆਰਥਣਾਂ ਨੇ ਇਸ ਘਟਨਾ ਬਾਰੇ ਪ੍ਰਿੰਸੀਪਲ ਅਤੇ ਕਲਾਸ ਟੀਚਰ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੂੰ ਚੁੱਪ ਰਹਿਣ ਤੇ ਭੁੱਲ ਜਾਣ ਲਈ ਕਿਹਾ ਗਿਆ। ਇਸ ਮੁੱਦੇ ’ਤੇ ਦਿੱਲੀ ਦੀ ਡਿਪਟੀ ਸਪੀਕਰ ਰਾਖੀ ਬਿਰਲਾ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਕਾਰਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਐਮਸੀਡੀ ਤੇ ਨਾ ਹੀ ਦਿੱਲੀ ਪੁਲੀਸ ਨੇ 3-4 ਦਿਨਾਂ ਤੱਕ ਇਸ ਮਾਮਲੇ ਵਿੱਚ ਕੋਈ ਕਦਮ ਚੁੱਕਿਆ, ਪਰ ਦਿੱਲੀ ਮਹਿਲਾ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ‘ਮਾਮਲੇ ਦੀ ਕੋਈ ਜਾਂਚ ਨਾ ਹੋਣ’ ਦਾ ਜਵਾਬ ਮੰਗਣ ਤੋਂ ਬਾਅਦ ਉਹ ਹਰਕਤ ਵਿੱਚ ਆਈ।