ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਦਿੱਲੀ ਤੇ ਨੋਇਡਾ ਵਿੱਚ ਬੀਤੇ 24 ਘੰਟਿਆਂ ਵਿੱਚ ਦੋ ਵੱਖ-ਵੱਖ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਾਣਕਾਰੀ ਮੁਤਾਬਿਕ ਬਾਹਰੀ ਦਿੱਲੀ ਦੇ ਰਣਹੂਲਾ ਇਲਾਕੇ ‘ਚ ਸ਼ਨਿਚਰਵਾਰ ਸਵੇਰੇ ਇਕ ਕੈਮੀਕਲ ਫੈਕਟਰੀ ‘ਚ ਅੱਗ ਲੱਗ ਗਈ, ਜਿਸ ਸਬੰਧੀ ਅੱਗ ਬੁਝਾਊ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ 2 ਵਜੇ ਫਾਇਰ ਵਿਭਾਗ ਨੂੰ ਘਟਨਾ ਬਾਰੇ ਸੂਚਨਾ ਮਿਲੀ। ਇਸ ਮਗਰੋਂ ਅੱਗ ਬੁਝਾਉਣ ਲਈ ਪਹਿਲਾਂ ਤਿੰਨ ਟੈਂਡਰ ਭੇਜੇ ਗਏ, ਪਰ ਅੱਗ ਜ਼ਿਆਦਾ ਹੋਣ ਕਾਰਨ ਕੁਝ ਟੈਂਡਰਾਂ ਨੂੰ ਦੁਬਾਰਾ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਗ ਸ਼ਰਮਾ ਕੈਮੀਕਲ ਫੈਕਟਰੀ ਵਿੱਚ ਲੱਗੀ ਸੀ, ਜਿਸ ਨਾਲ ਫੈਕਟਰੀ ਵਿੱਚ ਪਏ ਕੋਰੇਗੇਟਿਡ ਪੇਪਰ ਰੋਲ, ਡੱਬਿਆਂ ਅਤੇ ਮਸ਼ੀਨਾਂ ਸੜਕ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ, ਜਿਸ ‘ਤੇ ਕਾਬੂ ਪਾਉਣ ਲਈ ਫਾਇਰ ਟੈਂਡਰਾਂ ਨੂੰ ਚਾਰ ਘੰਟੇ ਦੀ ਮਿਹਨਤ ਕਰਨੀ ਪਈ। ਅਧਿਕਾਰੀ ਅਨੁਸਾਰ ਸਵੇਰੇ 6:20 ਵਜੇ ਅੱਗ ‘ਤੇ ਕਾਬੂ ਪਾ ਲਿਆ ਸੀ।
ਇਸੇ ਤਰ੍ਹਾਂ ਨੋਇਡਾ ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਇੱਕ ਏਟੀਐੱਮ ਵਿੱਚ ਅੱਗ ਲੱਗ ਗਈ। ਅੱਗ ਨੇ ਚਾਰ ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਦੇਰ ਰਾਤ ਤੱਕ ਫਾਇਰ ਅਮਲੇ ਨੇ ਅੱਗ ‘ਤੇ ਕਾਬੂ ਪਾ ਲਿਆ ਸੀ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਭੀੜ-ਭੜੱਕੇ ਵਾਲੇ ਭੰਗੇਲ ਖੇਤਰ ਵਿੱਚ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ-ਕਮ-ਵਪਾਰਕ ਇਮਾਰਤ ਵਿੱਚ ਰਾਤ 10 ਵਜੇ ਦੇ ਕਰੀਬ ਅੱਗ ਲੱਗ ਗਈ ਸੀ। ਅੱਗ ਬਾਰੇ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਅਮਲੇ ਨੂੰ ਮੌਕੇ ’ਤੇ ਭੇਜਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਏਟੀਐੱਮ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ, ਜੋ ਇਮਾਰਤ ਦੀਆਂ ਹੋਰ ਮੰਜ਼ਿਲਾਂ ਵਿੱਚ ਫੈਲ ਗਈ। ਰਿਪੋਰਟ ਦੇ ਅਨੁਸਾਰ ਰਿਹਾਇਸ਼ੀ-ਕਮ-ਵਪਾਰਕ ਦੇ ਉੱਪਰਲੇ ਅੱਧ ਵਿੱਚ ਕੁਝ ਫਲੈਟ ਤੇ ਹੇਠਲੇ ਅੱਧ ਵਿੱਚ ਦੁਕਾਨਾਂ ਹਨ। ਫਾਇਰ ਨੇ ਅਧਿਕਾਰੀ ਕਿਹਾ ਕਿ ਪਾਣੀ ਦੇ ਟੈਂਡਰਾਂ ਸਮੇਤ ਫਾਇਰ ਸਰਵਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ, ਜਿਨ੍ਹਾਂ ਨੇ ਅੱਧੇ ਘੰਟੇ ‘ਚ ਅੱਗ ‘ਤੇ ਕਾਬੂ ਪਾ ਲਿਆ। ਇਮਾਰਤ ਦਾ ਵੱਡਾ ਹਿੱਸਾ ਤਬਾਹ ਹੋਣ ਤੋਂ ਬਚਾ ਲਿਆ ਗਿਆ ਕਿਉਂਕਿ ਅੱਗ ਇਮਾਰਤ ਦੇ ਬਾਹਰੀ ਹਿੱਸੇ ਤੱਕ ਪਹੁੰਚ ਗਈ ਸੀ।