ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਦਸੰਬਰ
ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਦਾ ਹਰ ਪਾਸਿਓਂ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਭਾਜਪਾ ਤੇ ਕਾਂਗਰਸ ਵੱਲੋਂ ਲਗਾਤਾਰ ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ-2021 ਦੀ ਸਖ਼ਤ ਆਲੋਚਨਾ ਕੀਤੀ ਜਾਂਦੀ ਰਹੀ ਹੈ। ਹੁਣ ਆਮ ਲੋਕਾਂ ਵੱਲੋਂ ਵੀ ਦਿੱਲੀ ਵਿੱਚ ਧੜਾ-ਧੜ ਠੇਕੇ ਖੋਲ੍ਹੇ ਜਾਣ ਖ਼ਿਲਾਫ਼ ਦਿੱਲੀ ਵਿੱਚ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਇੱਕ ਰੋਸ ਪ੍ਰਦਰਸ਼ਨ ਦੱਖਣੀ ਦਿੱਲੀ ਦੇ ਗੋਬਿੰਦਪੁਰੀ ਇਲਾਕੇ ਵਿੱਚ ਕੀਤਾ ਜਾ ਰਿਹਾ ਹੈ, ਜੋ 21 ਦਿਨਾਂ ਤੋਂ ਲਗਾਤਾਰ ਜਾਰੀ ਹੈ। ਗੋਬਿੰਦਪੁਰੀ ਦਾ ਇਲਾਕਾ ‘ਆਪ’ ਵਿਧਾਇਕਾ ਆਤਿਸ਼ੀ ਦੇ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ, ਜੋ ਦਿੱਲੀ ਦੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿੱਚ ਮੋਢੀ ਭੂਮਿਕਾ ਨਿਭਾਅ ਚੁੱਕੇ ਹਨ।
ਗੋਬਿੰਦਪੁਰੀ ਦੇ ਵਾਸੀਆਂ ਨੇ ਦੱਸਿਆ ਕਿ ਇੱਥੋਂ ਦੀ ਗਲੀ ਨੰਬਰ-4 ਵਿੱਚ ਸ਼ਰਾਬ ਦੀ ਦੁਕਾਨ ਖੋਲ੍ਹਣ ਖ਼ਿਲਾਫ਼ ਇਹ ਧਰਨਾ 21 ਦਿਨ ਤੋਂ ਜਾਰੀ ਹੈ। ਉਨ੍ਹਾਂ ਕਿਹਾ ਕਿ ਗੋਬਿੰਦਪੁਰੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਤੇ ਇੱਥੋਂ ਦੀਆਂ ਸੜਕਾਂ ਵੀ ਬਹੁਤ ਭੀੜੀਆਂ ਹਨ। ਆਮ ਲੋਕਾਂ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਇੱਕ ਪਾਸੇ ਗੋਆ ਤੇ ਪੰਜਾਬ ਵਿੱਚ ਨਸ਼ਿਆਂ ਨੂੰ ਰੋਕਣ ਦੇ ਚੋਣ ਵਾਅਦੇ ਕਰਨ ਵਿੱਚ ਰੁੱਝੀ ਹੈ ਪਰ ਦੂਜੇ ਪਾਸੇ ਦਿੱਲੀ ਵਿੱਚ ਥਾਂ-ਥਾਂ ਸ਼ਰਾਬ ਦੀਆਂ ਦੁਕਾਨਾਂ ਨਵੀਂ ਨੀਤੀ ਤਹਿਤ ਖੋਲ੍ਹ ਰਹੀ ਹੈ ਤੇ ਇਹ ਸਭ ਮਾਲੀਆ ਇਕੱਠਾ ਕਰਨ ਦਾ ਸਾਧਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦਿੱਲੀ ਵਾਸੀਆਂ ਦੀ ਸਿਹਤ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈ।