ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਜੂਨ
ਕਾਂਗਰਸ ਪਾਰਟੀ ਦੀ 56 ਦਿਨਾ ਲੰਬੀ ਆਜ਼ਾਦੀ ਗੌਰਵ ਯਾਤਰਾ ਅੱਜ ਸਵੇਰੇ ਦਿੱਲੀ ਦੇ ਰਾਜਘਾਟ ਵਿੱਚ ਸਮਾਪਤ ਹੋ ਗਈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੈਦਲ ਯਾਤਰੀਆਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਵਰਕਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਸੌਂਪੇ। ਸੋਨੀਆ ਗਾਂਧੀ ਨੇ ਅੱਜ ਨਵੀਂ ਦਿੱਲੀ ਦੇ ਰਾਜਘਾਟ ’ਤੇ ਪਾਰਟੀ ਦੀ ਆਜ਼ਾਦੀ ਗੌਰਵ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ‘ਪੈਦਲ ਯਾਤਰੀਆਂ’ ਤੋਂ ਵੱਖ-ਵੱਖ ਰਾਜਾਂ ਤੋਂ ਰੇਤ ਤੇ ਪਾਣੀ ਸਵੀਕਾਰ ਕੀਤਾ।
ਕਾਂਗਰਸ ਸੇਵਾ ਦਲ ਦੀ ਪਰੰਪਰਾ ਅਨੁਸਾਰ ਸੋਨੀਆ ਗਾਂਧੀ ਨੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਦੀ ਸਹੁੰ ਵੀ ਚੁਕਾਈ। ਉਨ੍ਹਾਂ ਨਾਲ ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ, ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ ਤੇ ਮਹਿਲਾ ਕਾਂਗਰਸ ਪ੍ਰਧਾਨ ਨੇਤਾ ਡਿਸੂਜ਼ਾ ਵੀ ਮੌਜੂਦ ਸਨ। ਅਨਿਲ ਨੇ ਕਿਹਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਭਾਰਤੀ ਲੋਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਸਨਮਾਨ ਕਰਦੀ ਹੈ ਤੇ ਉਨ੍ਹਾਂ ਨੂੰ ਯਾਦ ਕਰਦੀ ਹੈ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਆਗਾਮੀ ਗੁਜਰਾਤ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਨੇ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਸੂਬੇ ਦੇ ਗਾਂਧੀ ਆਸ਼ਰਮ ਤੋਂ 6 ਅਪਰੈਲ ਨੂੰ ਆਜ਼ਾਦੀ ਗੌਰਵ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਯਾਤਰਾ ਰਾਹੀਂ ਆਜ਼ਾਦੀ ਅੰਦੋਲਨ ਦੌਰਾਨ ਪਾਰਟੀ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਉਜਾਗਰ ਕੀਤਾ ਗਿਆ ਅਤੇ ਗੁਜਰਾਤ ਚੋਣ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ। ਪਿਛਲੇ 56 ਦਿਨਾਂ ਵਿੱਚ ਪੈਦਲ ਯਾਤਰੀਆਂ ਨੇ ਲਗਪਗ 1,200 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਗੁਜਰਾਤ, ਰਾਜਸਥਾਨ ਅਤੇ ਹਰਿਆਣਾ ਵਿੱਚੋਂ ਦੀ ਯਾਤਰਾ ਕੀਤੀ। ਇਹ ਯਾਤਰਾ 29 ਮਈ ਨੂੰ ਕੌਮੀ ਰਾਜਧਾਨੀ ਪਹੁੰਚੀ ਸੀ।