ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਮਈ
ਦਿੱਲੀ ਸਰਕਾਰ ਵੱਲੋਂ ਚੌਥੀ ਵਾਰ ਲੌਕਡਾਊਨ ਲਾ ਕੇ ਕੌਮੀ ਰਾਜਧਾਨੀ ਵਿੱਚ ਬੇਕਾਬੂ ਹੋ ਰਹੀ ਕੋਵਿਡ ਮਹਾਮਾਰੀ ਉਪਰ ਕਾਬੂ ਪਾਉਣ ਲਈ ਇਸ ਵਾਰ ਪਹਿਲਾਂ ਨਾਲੋਂ ਵਧੇਰੇ ਸਖ਼ਤੀਆਂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਵਾਰ ਲੌਕਡਾਊਨ ਥੋੜ੍ਹਾ ਸਖ਼ਤ ਹੋਵੇਗਾ ਕਿਉਂਕਿ ਤਾਲਾਬੰਦੀ ਕਰਨ ਮਗਰੋਂ ਕਰੋਨਾ ਦੀ ਲੜੀ ਟੁੱਟਣ ਲੱਗੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲੀ ਰਾਇ ਦੇ ਆਧਾਰ ਉਪਰ ਮਜਬੂਰੀ ’ਚ ਇਹ ਤਾਲਾਬੰਦੀ ਵਧਾਉਣੀ ਪਈ ਹੈ। 35 ਫ਼ੀਸਦੀ ਤੋਂ ਲਾਗ ਦਰ 23 ਫ਼ੀਸਦੀ ਆਉਣ ਦਾ ਸਬੱਬ ਲੌਕਡਾਊਨ ਨੂੰ ਦੱਸਦੇ ਹੋਏ ਕੇਜਰੀਵਾਲ ਨੇ ਕਿਹਾ, ‘‘ਅਜੇ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ, ਨਹੀਂ ਤਾਂ ਜੋ ਆਪਾਂ ਹਾਸਲ ਕੀਤਾ ਹੈ, ਉਹ ਸਭ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਸੂਬਾ ਸਰਕਾਰ ਨੇ ਕਈ ਥਾਵਾਂ ’ਤੇ ਆਕਸੀਜਨ ਦੇ ਬਿਸਤਰੇ ਸਥਾਪਤ ਕੀਤੇ ਹਨ। ਉਨ੍ਹਾਂ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਵੇਂ ਹੁਣ ਤੱਕ ਸਭ ਨੇ ਲੌਕਡਾਊਨ ਦਾ ਪਾਲਣ ਕੀਤਾ ਹੈ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਪਾਲਣ ਕਰਨ।
ਉਨ੍ਹਾਂ ਕਿਹਾ ਇਸ ਵਾਰ ਆਮ ਨਾਲੋਂ ਜ਼ਿਆਦਾ ਆਕਸੀਜਨ ਦੀ ਲੋੜ ਪਈ ਕਿਉਂਕਿ ਹੁਣ ਜਿੰਨੇ ਵੀ ਕਰੋਨਾ ਦੇ ਮਰੀਜ਼ ਆਉਂਦੇ ਸਨ, ਉਨ੍ਹਾਂ ਸਭ ਨੂੰ ਆਕਸੀਜਨ ਦੀ ਲੋੜ ਹੁੰਦੀ ਸੀ, ਇਸ ਕਰਕੇ ਅਚਾਨਕ ਕਈ ਗੁਣਾ ਜ਼ਿਆਦਾ ਆਕਸੀਜਨ ਦੀ ਜ਼ਰੂਰਤ ਪਈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਖ਼ਬਰਾਂ ਆ ਰਹੀਆਂ ਸਨ ਕਿ ਇਸ ਹਸਪਤਾਲ ਵਿੱਚ ਆਕਸੀਜਨ ਸਿਰਫ਼ 2 ਘੰਟੇ ਦੀ ਰਹਿ ਗਈ ਹੈ, ਉਸ ਹਸਪਤਾਲ ਵਿੱਚ ਅੱਧੇ ਘੰਟੇ ਦੀ ਆਕਸੀਜਨ ਬਚੀ ਹੈ ਪਰ ਹੁਣ ਅਜਿਹੀਆਂ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ। ਉਨ੍ਹਾਂ ਦਾਅਵਾ ਕੀਤਾ ਕਿ ਲੌਕਡਾਊਨ ਦੇ ਕਾਲ ਦੌਰਾਨ ਸਿਹਤ ਪ੍ਰਬੰਧ ਸੁਧਾਰਿਆ ਤੇ ਟੀਕਾਕਰਨ ਲਈ ਸਕੂਲਾਂ ਵਿੱਚ ਪ੍ਰਬੰਧ ਕੀਤੇ ਹਨ। ਉਮੀਦ ਕੀਤੀ ਕਿ ਕੇਂਦਰ ਸਰਕਾਰ ਅਗਲੇ ਦਿਨਾਂ ਦੌਰਾਨ ਹੋਰ ਟੀਕੇ ਦਿੱਲੀ ਨੂੰ ਮੁਹੱਈਆ ਕਰਵਾਏਗੀ।
ਟੀਕਿਆਂ ਸਬੰਧੀ ਕੇਜਰੀਵਾਲ ਵੱਲੋਂ ਕੇਂਦਰੀ ਸਿਹਤ ਮੰਤਰੀ ਦੇ ਨਾਂ ਪੱਤਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਕਰੋਨਾ ਟੀਕੇ ਦੀ ਉਪਲੱਬਧਤਾ ਬਾਰੇ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਕੇਜਰੀਵਾਲ ਨੇ ਲਿਖਿਆ ਹੈ ਕਿ ਰਾਜਧਾਨੀ ਵਿੱਚ 18 ਤੋਂ 45 ਸਾਲ ਦੇ 92 ਲੱਖ ਲੋਕ ਹਨ। ਅਜਿਹੀ ਸਥਿਤੀ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੇ ਭਾਰਤ ਬਾਇਓਟੈਕ ਨੂੰ ਹਦਾਇਤ ਕਰਨ ਕਿ ਉਹ ਮਈ ਤੋਂ ਜੁਲਾਈ ਦੇ ਦੌਰਾਨ ਹਰ ਮਹੀਨੇ ਦਿੱਲੀ ਨੂੰ 60 ਲੱਖ ਟੀਕੇ ਦੀਆਂ ਖੁਰਾਕਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ। ਧਿਆਨ ਯੋਗ ਹੈ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਵੋਧਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਚਿਰਾਗ, ਦਿੱਲੀ ਵਿੱਚ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਤਿੰਨ ਮਹੀਨਿਆਂ ਵਿੱਚ ਪੂਰੀ ਦਿੱਲੀ ਦੇ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰੋਜ਼ਾਨਾ ਤਿੰਨ ਲੱਖ ਟੀਕੇ ਲਗਾਉਣੇ ਪੈਣਗੇ।
ਦਿੱਲੀ ਸਰਕਾਰ ਵੱਲੋਂ ਜਾਰੀ ਹਦਾਇਤਾਂ
ਇਸ ਵਾਰ ਦਿੱਲੀ ਸਰਕਾਰ ਨੇ ਮਹਾਮਾਰੀ ਪ੍ਰਬੰਧਨ ਅਥਾਰਿਟੀ ਦੇ ਆਖਣ ’ਤੇ ਮੈਟਰੋ ਸੇਵਾਵਾਂ ਬੰਦ ਕੀਤੀਆਂ ਹਨ। ਵਿਆਹ ਵੀ ਹੁਣ ਘਰਾਂ ਜਾਂ ਅਦਾਲਤਾਂ ਵਿੱਚ ਹੀ ਹੋਣਗੇ ਅਤੇ ਪਿਛਲੀ ਵਾਰ ਦੇ 50 ਲੋਕਾਂ ਦੀ ਥਾਂ ਸਿਰਫ਼ 20 ਲੋਕਾਂ ਨੂੰ ਹੀ ਸੱਦਾ ਪੱਤਰ (ਸੌਫਟ ਜਾਂ ਹਾਰਡ ਕਾਪੀ) ਨਾਲ ਹੀ ਸ਼ਾਮਲ ਹੋਣ ਦੀ ਆਗਿਆ ਹੋਵੇਗੀ। ਬੈਂਕੁਅਟ ਹਾਲਾਂ, ਹੋਟਲਾਂ, ਸਮੁਦਾਇਕ ਕੇਂਦਰਾਂ ਆਦਿ ਵਿੱਚ ਸਮਾਜਿਕ ਇਕੱਠ ਨਹੀਂ ਹੋਣਗੇ। ਵਿਆਹਾਂ ਵਿੱਚ ਡੀਜੇ ਨਹੀਂ ਵਜਣਗੇ, ਸਾਊਂਡ ਸਿਸਟਮ ਨਹੀਂ ਹੋਵੇਗਾ। ਬਾਜ਼ਾਰਾਂ, ਬੱਸ ਅੱਡਿਆਂ, ਰੇਲਵੇ ਪਲੇਟ ਫਾਰਮਾਂ/ਸਟੇਸ਼ਨਾਂ ਅਤੇ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਉਪਰ ਸਮਾਜਿਕ ਦੂਰੀਆਂ ਦੇ ਨੇਮਾਂ ਦੀ ਪਾਲਣਾ ਕਰਨ ਅਤੇ ਮਾਸਕ ਪਾਉਣੇ ਲਾਜ਼ਮੀ ਹਨ। ਗ਼ੈਰ-ਜ਼ਰੂਰੀ ਸਾਮਾਨ ਤੇ ਸੇਵਾਵਾਂ ਦੇ ਵਪਾਰ ਵਾਲੀਆਂ ਹੋਰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਕਿਸੇ ਵੀ ਜ਼ਿਲ੍ਹਾ ਮਜਿਸਟਰੇਟ ਦੇ ਅਧਿਕਾਰ ਖੇਤਰ ਵਿੱਚ ਕੋਈ ਵੀ ਹਫ਼ਤਾਬਾਰੀ ਬਾਜ਼ਾਰ ਨਹੀਂ ਖੁੱਲ੍ਹੇਗਾ। ਜ਼ਰੂਰੀ ਚੀਜਾਂ ਅਤੇ ਸੇਵਾਵਾਂ ਲਈ ਈ-ਪਾਸ ਜ਼ਰੂਰੀ ਹੈ। ਟੀਕਾ ਲਗਵਾਉਣ ਜਾ ਰਹੇ ਜਾਂ ਮੈਡੀਕਲ ਐਮਰਜੈਂਸੀ ਲਈ ਜਾਣ ਵਾਲੇ ਲੋਕਾਂ ਨੂੰ ਵੀ ਛੋਟ ਦਿੱਤੀ ਹੈ ਤੇ ਉਨ੍ਹਾਂ ਨੂੰ ਆਈਡੀ ਕਾਰਡ ਦਿਖਾਉਣਾ ਹੋਵੇਗਾ।