ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਕਤੂਬਰ
ਭਾਜਪਾ ਦੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਅੱਜ ਇੱਕ ਹੋਰ ਵਿਵਾਦ ਵਿੱਚ ਘਿਰ ਗਏ ਜਦੋਂ ਉਨ੍ਹਾਂ ਵੱਲੋਂ ਛਠ ਤਿਉਹਾਰ ਤੋਂ ਪਹਿਲਾਂ ਯਮੁਨਾ ਦੇ ਘਾਟਾਂ ਦੇ ਨਿਰੀਖਣ ਦੌਰਾਨ ਇੱਕ ਅਧਿਕਾਰੀ ’ਤੇ ਰੌਅਬ ਪਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ। ਡੇਢ ਮਿੰਟ ਦੀ ਵੀਡੀਓ ਵਿੱਚ ਵਰਮਾ ਦਿੱਲੀ ਜਲ ਬੋਰਡ ਦੇ ਅਧਿਕਾਰੀ ਨੂੰ ਯਮੁਨਾ ਵਿੱਚ ਝੱਗ ਨੂੰ ਕੰਟਰੋਲ ਕਰਨ ਲਈ ਵਰਤੇ ਜਾ ਰਹੇ ਰਸਾਇਣ ਨੂੰ ਉਸ ਦੇ ਸਿਰ ’ਤੇ ਪਾਉਣ ਦੀ ਧਮਕੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ ਅਧਿਕਾਰੀ ਕਹਿ ਰਿਹਾ ਹੈ ਕਿ ਇਸ ਨੂੰ ਯੂਐਸਏ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਤੇ ਕੇਂਦਰ ਸਰਕਾਰ ਦੇ ਨੈਸ਼ਨਲ ਮਿਸ਼ਨ ਫਾਰ ਕਲੀਨਿੰਗ ਗੰਗਾ ਦੁਆਰਾ ਅਮੋਨੀਆ ਫਾਸਫੋਰਸ ਝੱਗ ਦੇ ਨਿਯੰਤਰਣ ਲਈ ਵਰਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ। ਵਰਮਾ ਨੇ ਕਿਹਾ ਕਿ ਇਹ ਰਸਾਇਣ ਲੋਕਾਂ ਨੂੰ ਮਾਰ ਦੇਵੇਗਾ। ਡੀਜੇਬੀ ਦੇ ਉਪ ਚੇਅਰਮੈਨ ਸੌਰਭ ਭਾਰਦਵਾਜ ਨੇ ਕਿਹਾ ਸੀ ਕਿ ਭਾਜਪਾ ਨੇਤਾਵਾਂ ਨੂੰ ਵਿਗਿਆਨ ਤੇ ਤਕਨਾਲੋਜੀ ਬਾਰੇ ਕੁਝ ਸਿੱਖਣਾ ਚਾਹੀਦਾ ਹੈ। ਇਹ ਕਹਿਣਾ ਬਿਲਕੁਲ ਮੂਰਖਤਾ ਤੇ ਗਲਤ ਹੈ ਕਿ ਯਮੁਨਾ ਵਿੱਚ ਝੱਗ ਨੂੰ ਦਬਾਉਣ ਲਈ ਇੱਕ ਜ਼ਹਿਰੀਲੇ ਰਸਾਇਣ ਦੀ ਵਰਤੋਂ ਕੀਤੀ ਜਾ ਰਹੀ ਹੈ। ਰਸਾਇਣਾਂ ਦਾ ਮਤਲਬ ਜ਼ਹਿਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਲੋਰੀਨ ਪਾਣੀ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ, ਉਹ ਵੀ ਰਸਾਇਣ ਹੈ।
ਕੌਮੀ ਰਾਜਧਾਨੀ ਵਿੱਚ ਹਵਾ ਦਾ ਮਿਆਰ ਹੋਇਆ ਖਰਾਬ
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਆਨੰਦ ਵਿਹਾਰ ਮਾਨੀਟਰਿੰਗ ਸਟੇਸ਼ਨ ਨੇ ਸ਼ੁੱਕਰਵਾਰ ਸਵੇਰੇ 9.20 ਵਜੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਨੂੰ ਗੰਭੀਰ ਸ਼੍ਰੇਣੀ ਦੇ 443 ਦੇ ਸੂਚਕ ਅੰਕ ਬਰਾਬਰ ਦਰਜ ਕੀਤਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਵੀ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਜਿੱਥੇ ਵੀਰਵਾਰ ਨੂੰ ਹਵਾ ਦੀ ਗੁਣਵੱਤਾ 333 ਤੋਂ ਵਿਗੜ ਕੇ ਸ਼ੁੱਕਰਵਾਰ ਨੂੰ ਸਵੇਰੇ 9.30 ਵਜੇ 346 ਹੋ ਗਈ। ਭਾਰਤੀ ਮੌਸਮ ਵਿਭਾਗ ਅਨੁਸਾਰ ਪ੍ਰਦੂਸ਼ਣ ਦੇ ਫੈਲਾਅ ਕਾਰਨ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਦੁਪਹਿਰ 3 ਵਜੇ ਅਨੁਸਾਰ ਆਨੰਦ ਵਿਹਾਰ ਦਾ ਔਸਤ ਏਕਿਊਆਈ 455 ਸੀ ਜੋ ਕਿ 500 ਤੱਕ ਦੇ ਪੈਮਾਨੇ ’ਤੇ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਸੀਪੀਸੀਬੀ ਅਨੁਸਾਰ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿਚ ਹੋਣ ਕਾਰਨ ਸਿਹਤਮੰਦ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਦਮਾ, ਬ੍ਰੌਨਕਾਈਟਸ ਵਰਗੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਥੋਂ ਦੇ ਵਾਸੀਆਂ ਵੱਲੋਂ ਪਟਾਕਿਆਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਰਾਸ਼ਟਰੀ ਰਾਜਧਾਨੀ ’ਚ ਲਗਾਤਾਰ ਚਾਰ ਦਿਨ ਖਰਾਬ ਹਵਾ ਦੀ ਗੁਣਵੱਤਾ ਦੇਖਣ ਨੂੰ ਮਿਲੀ। ਦਿੱਲੀ ’ਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 14.6 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਇਕ ਡਿਗਰੀ ਘੱਟ ਸੀ।