ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਰਾਜਧਾਨੀ ਵਿੱਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਅਪਰੈਲ ਤੇ ਮਈ ਵਿੱਚ ਵਾਪਰੀਆਂ। ਹਾਲਾਂ ਕਿ ਬਹੁਤਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪ੍ਰਭਾਵਿਤ ਲੋਕਾਂ ਦਾ ਵਿਤੀ ਨੁਕਸਾਨ ਕਾਫ਼ੀ ਹੋਇਆ। ਭਲਸਵਾ ਦੇ ਕੂੜਾ ਸਥਾਨ ਉਪਰ ਲੱਗੀ ਅੱਗ ਕਾਬੂ ਕਰਨ ਵਿੱਚ ਦਿੱਲੀ ਫਾਇਰ ਸਰਵਿਸ ਦਾ ਦਮ ਉਖੜ ਗਿਆ ਤੇ ਕਰੀਬ 10 ਦਿਨ ਉੱਥੇ ਅੱਗ ਸੁਲਘਦੀ ਰਹੀ ਤੇ ਆਲੇ-ਦੁਆਲੇ ਦੇ ਲੋਕਾਂ ਲਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨ ਵੀ ਆਦਰਸ਼ ਨਗਰ ਦੇ ਲਾਲ ਬਾਗ਼ ਇਲਾਕੇ ਦੀ ਜੁੱਤੀਆਂ ਦੀ ਫੈਕਟਰੀ ਨੂੰ ਅੱਗ ਲੱਗੀ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। 4 ਮਈ ਨੂੰ ਨਗਰ ਨਿਗਮ ਦੇ ਕੈਸ਼ਵ ਪੁਰਮ ਵਾਲੇ ਦਫ਼ਤਰ ਵਿੱਚ ਵੀ ਅੱਗ ਲੱਗ ਗਈ ਸੀ, ਫਾਇਰ ਵਿਭਾਗ ਨੂੰ 8 ਟੈਂਡਰ ਭੇਜਣੇ ਪਏ ਸਨ। 5 ਮਈ ਨੂੰ ਨਰੇਲਾ ਦੇ ਸਨਅਤੀ ਇਲਾਕੇ ਵਿੱਚ ਇੱਕ ਫੈਕਟਰੀ ਨੂੰ ਲੱਗੀ ਅੱਗ ਵਿੱਚ 5 ਮਜ਼ਦੂਰ ਫਸ ਗਏ ਪਰ ਅੱਗ ਬੁਝਾਊ ਵਿਭਾਗ ਨੇ ਉਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ। ਇਸੇ ਦਿਨ ਹੀ ਬਵਾਨਾ ਦੀ ਇੱਕ ਫੈਕਟਰੀ ਵੀ ਅੱਗ ਦੀ ਲਪੇਟ ਵਿੱਚ ਆ ਗਈ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ। 27 ਅਪਰੈਲ ਨੂੰ ਦਿੱਲੀ ਵਿੱਚ ਵੱਖ-ਵੱਖ ਥਾਵਾਂ ਉਪਰ ਅੱਗ ਲੱਗਣ ਦੀਆਂ 4 ਘਟਨਾਵਾਂ ਵਾਪਰੀਆਂ ਸਨ ਜਿਸ ਵਿੱਚ ਟਰਾਂਸਪੋਰਟ ਭਵਨ (ਸੰਸਦ ਮਾਰਗ) ਵਿੱਚ ਅੱਗ ਲੱਗੀ। ਅੱਗ ਲੱਗਣ ਦੀ ਦੂਜੀ ਘਟਨਾ ਲਾਜਪਤ ਨਗਰ ਦੀ ਇੱਕ ਦੁਕਾਨ ਵਿੱਚ ਵਾਪਰੀ। ਵਿਕਾਸ ਮਾਰਗ ਉਪਰ ਡੀਟੀਸੀ ਦੀ ਬੱਸ ਅੱਗ ਦੀ ਲਪੇਟ ਵਿੱਚ ਆਈ। ਚੌਥੀ ਅੱਗ ਦੀ ਘਟਨਾ ਭਲਸਵਾ ਕੂੜਾ ਸਥਾਨ ਵਿੱਚ ਲੱਗੀ ਤੇ ਕਰੀਬ 10 ਅੱਗ ਧੁੱਖਦੀ ਰਹੀ ਸੀ। 17 ਅਪਰੈਲ ਨੂੰ ਬੰਦ ਪਏ ਉਪਹਾਰ ਸਿਨੇਮਾ ਘਰ ਵਿੱਚ ਮੁੜ ਲੱਗੀ ਸੀ ਜੋ ਕਿ ਉੱਥੇ ਪਏ ਕਬਾੜ ਦੇ ਧੁਖਣ ਕਾਰਨ ਵਾਪਰੀ ਦੱਸੀ ਜਾ ਰਹੀ ਸੀ। 12 ਅਪਰੈਲ ਨੂੰ ਆਨੰਦ ਪਰਬਤ ਵਿੱਚ 35 ਝੁੱਗੀਆਂ ਅੱਗ ਲੱਗਣ ਕਾਰਨ ਰਾਖ਼ ਹੋ ਗਈਆਂ ਸਨ। ਮਾਹਿਰਾਂ ਮੁਤਾਬਕ ਅਪਰੈਲ ਵਿੱਚ ਅੱਗ ਲੱਗਣ ਦੀਆਂ ਬਹੁਤੀਆਂ ਘਟਨਾਵਾਂ ਚਿੰਗਾੜੀ ਦੇ ਭੜਕਣ ਤੇ ਮੌਸਮ ਵਿੱਚ ਤਪਸ਼ ਹੋਣ ਕਰਕੇ ਤੇਜ਼ੀ ਨਾਲ ਫੈਲਣ ਦਾ ਕਾਰਨ ਬਣੀਆਂ।