ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜਨਵਰੀ
ਦਿੱਲੀ ਤੇ ਆਸਪਾਸ ਸਮੇਤ ਉੱਤਰੀ ਭਾਰਤ ਵਿੱਚ ਮੀਂਹ ਕਾਰਨ ਪੈ ਰਹੀ ਚੀਰਵੀਂ ਠੰਢ ਤੋਂ ਬਚਾਅ ਲਈ ਦਿੱਲੀ ਦੇ ਚਾਰਾਂ ਮੁੱਖ ਕੌਮੀ ਮਾਰਗਾਂ ’ਤੇ ਬੈਠੇ ਕਿਸਾਨਾਂ ਨੇ ਹੁਣ ਦੇਸੀ ਜੁਗਾੜ ਲਾ ਕੇ ਬਚਾਅ ਦੇ ਪ੍ਰਬੰਧ ਕਰ ਲਏ ਹਨ। ਸਮਾਜ ਸੇਵੀ ਸੰਸਥਾਵਾਂ ਵੀ ਉਨ੍ਹਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੀਆਂ ਹਨ। ਮੌਸਮ ਦਾ ਟਾਕਰਾ ਕਰਨ ਲਈ ਕਿਸਾਨਾਂ ਨੇ ਦੇਸੀ ਜੁਗਾੜ ਬਣਾ ਲਏ ਹਨ। ਕਿਸਾਨਾਂ ਨੇ ਸਿੰਘੂ ਵਿੱਚ ਪਰਾਲੀ ਦੀਆਂ ਪੂਲੀਆਂ ਬਾਂਸਾਂ ਨਾਲ ਬੰਨ੍ਹ ਕੇ ‘ਕਿਸਾਨ ਭਵਨ’ ਬਣਾ ਲਿਆ ਹੈ। ਇੱਥੇ 100 ਕਿਸਾਨ ਠਹਿਰ ਸਕਦੇ ਹਨ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਠੰਢ ਨੇ ਸਾਡੇ ਕਈ ਕਿਸਾਨਾਂ ਦੀ ਜਾਨ ਲੈ ਲਈ ਹੈ, ਜਿਸ ਕਰ ਕੇ ਨੌਜਵਾਨਾਂ ਨੇ ਇਹ ਕਾਰਜ ਕਰ ਦਿਖਾਇਆ ਹੈ। ਟਰਾਲੀਆਂ ਵਿੱਚ ਵੀ ਥੱਲੇ ਪਰਾਲੀ ਸੁੱਟੀ ਹੋਈ ਹੈ। ਉਪਰ ਗੱਦੇ ਤੇ ਚਾਦਰਾਂ ਵਿਛਾਈਆਂ ਹੋਈਆਂ ਹਨ। ਉਧਰ ਦਿੱਲੀ-ਨੋਇਡਾ ਹੱਦ ’ਤੇ ਧਰਨੇ ਦੌਰਾਨ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਸੜਕ ’ਤੇ ਗੱਡ ਕੇ ‘ਵਾਟਰ ਪਰੂਫ’ ਤੰਬੂ ਬਣਾ ਕੇ ਮੀਂਹ, ਠੰਢ ਤੋਂ ਬਚਾਅ ਕੀਤਾ ਹੈ। ਮੌਸਮ ਮਹਿਕਮੇ ਦੇ ਅਧਿਕਾਰੀ ਆਨੰਦ ਸ਼ਰਮਾ ਮੁਤਾਬਕ ਹੁਣ ਘੱਟੋ-ਘਟ ਤਾਪਮਾਨ ਜੋ 10-11 ਡਿਗਰੀ ਰਹਿੰਦਾ ਹੈ ਅਗਲੇ ਦਿਨਾਂ ਦੌਰਾਨ 4 ਡਿਗਰੀ ਦੇ ਆਸ-ਪਾਸ ਰਹਿਣ ਦੀ ਆਸਾਰ ਹਨ, ਜਿਸ ਕਰ ਕੇ ਦਿੱਲੀ ਐੱਨਸੀਆਰ ਖੇਤਰ ਵਿੱਚ ਠੰਢ ਦੀ ਮਾਰ ਹੋਰ ਤੇਜ਼ ਹੋਵੇਗੀ। ਹਾਲਾਂਕਿ ਅਧਿਕਾਰੀ ਨੇ ਸੀਤ ਲਹਿਰ ਵਰਗੀ ਗੱਲ ਤੋਂ ਇਨਕਾਰ ਕੀਤਾ ਹੈ ਪਰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਸਿਹਤ ਮਾਹਿਰ ਵੀ ਬਜ਼ੁਰਗਾਂ ਨੂੰ ਠੰਢ ਤੋਂ ਬਚਣ ਦੀ ਸਲਾਹ ਦੇ ਰਹੇ ਹਨ। ਮੀਂਹ ਦਾ ਮੌਸਮ ਬਣਿਆ ਰਹੇਗਾ। ਮੌਸਮ ਮਾਹਿਰਾਂ ਮੁਤਾਬਕ 15 ਜਨਵਰੀ ਮਗਰੋਂ ਦਿੱਲੀ ਦੀ ਠੰਢ ਨੂੰ ਮੋੜਾ ਪੈ ਸਕਦਾ ਹੈ, ਜਿਸ ਨਾਲ ਤਾਪਮਾਨ ਵਿੱਚ ਵੀ ਵਾਧਾ ਹੋਵੇਗਾ।