ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦੇਸ਼ ਦੇ ਸਾਰੇ ਰਾਜਾਂ ਦੇ ਰਾਜਪਾਲਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਣ ਦੇ ਸੱਦੇ ਨਾਲ ਤਾਲਮੇਲ ਕਰਦਿਆਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਨਾ ਮੰਨੇ ਜਾਣ ਦੇ ਰੋਸ ਵਜੋਂ ਦਿੱਲੀ ਦੇ ਟਿਕਰੀ ਬਾਰਡਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਸਵਿੰਦਰ ਸਿੰਘ ਲੌਂਗੋਵਾਲ, ਰੂਪ ਸਿੰਘ ਛੰਨਾ, ਦਰਬਾਰਾ ਸਿੰਘ ਛਾਜਲਾ ਤੇ ਬਸੰਤ ਸਿੰਘ ਕੋਠਾ ਗੁਰੂ ਦੀ ਅਗਵਾਈ ਵਿੱਚ ਬਹਾਦਰਗੜ੍ਹ ਸ਼ਹਿਰ ਤੇ ਆਸਪਾਸ ਦੇ ਪਿੰਡਾਂ ਵਿੱਚ ਕੀਤਾ ਗਿਆ। ਮਾਰਚ ਵਿੱਚ ਕਾਰਾਂ, ਜੀਪਾਂ, ਮੋਟਰਸਾਈਕਲਾਂ ਅਤੇ ਟਰੈਕਟਰਾਂ ਉਤੇ ਸਵਾਰ ਹੋ ਕੇ ਕਿਸਾਨ, ਮਜ਼ਦੂਰ ਤੇ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। ਇਸ ਦੌਰਾਨ ਹਰਿਆਣੇ ਦੇ ਪੇਂਡੂ ਤੇ ਸ਼ਹਿਰੀ ਲੋਕਾਂ ਵਲੋਂ ਵੀ ਕਿਸਾਨਾਂ ਦਾ ਸਮਰਥਨ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਚੰਡੀਗੜ੍ਹ ਪੁਲੀਸ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਦੇਣ ਗਏ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਤੇ ਸ਼ਾਂਤਮਈ ਢੰਗ ਨਾਲ ਮੰਗ ਪੱਤਰ ਦੇਣ ਜਾਂਦਿਆਂ ਅਜਿਹੀ ਕਾਰਵਾਈ ਕਰਨਾ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ 25 ਜੂਨ 1975 ਨੂੰ ਉਦੋਂ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਸੀ ਪਰ ਹੁਣ ਮੋਦੀ ਹਕੂਮਤ ਵੱਲੋਂ ਲੋਕ ਵਿਰੋਧੀ ਸਾਮਰਾਜੀ ਨੀਤੀਆਂ ਲਾਗੂ ਕਰਨ ਲਈ ਦੇਸ਼ ਵਿਚ ਐਮਰਜੈਂਸੀ ਵਾਲੇ ਹਾਲਾਤ ਬਣਾਏ ਹੋਏ ਹਨ। ਇਨ੍ਹਾਂ ਨੀਤੀਆਂ ਵਿਰੁੱਧ ਅਤੇ ਆਪਣੀਆਂ ਮੰਗਾਂ ਮਸਲਿਆਂ ਪ੍ਰਤੀ ਹੱਕੀ ਸੰਘਰਸ਼ ਕਰਨ ਵਾਲਿਆਂ ਖ਼ਿਲਾਫ਼ ਪਰਚੇ ਦਰਜ ਕਰ ਕੇ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਕਿਰਤੀ ਲੋਕਾਂ ਦੇ ਪੱਖ ਵਿੱਚ ਲਿਖਣ ਬੋਲਣ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ, ਕਲਾਕਾਰਾਂ ਤੇ ਹੋਰ ਸਮਾਜਿਕ ਕਾਰਕੁਨ ਨੂੰ ਦੇਸ਼ ਧਰੋਹੀ ਵਰਗੇ ਸੰਗੀਨ ਪੁਲਿਸ ਕੇਸਾਂ ਰਾਹੀਂ ਜੇਲ੍ਹਾਂ ਵਿੱਚ ਬੰਦ ਕਰ ਕੇ ਲਿਖਣ ਦੇ ਵਿਚਾਰਾਂ ਦੀ ਆਜ਼ਾਦੀ ਤੇ ਡਾਕਾ ਮਾਰਿਆ ਜਾ ਰਿਹਾ ਹੈ ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਮਾਰਚ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਮੋਰਚੇ ਦੇ ਸੱਤ ਮਹੀਨੇ ਪੂਰੇ ਹੋਣ ਮੌਕੇ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦੇ ਸੱਦੇ ਤਹਿਤ ਜਿੱਥੇ ਦੇਸ਼ ਭਰ ਦੇ ਸੂਬਿਆਂ ਵਿੱਚ ਗਵਰਨਰ ਹਾਊਸ ’ਤੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਉੱਥੇ ਹੀ ਅੱਜ ਸਿੰਘੂ ਅਤੇ ਟਿਕਰੀ ਬਾਰਡਰ ਉਪਰ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਡੇ ਜਥਿਆਂ ਨਾਲ ਮੁੱਖ ਸਟੇਜ ਤੱਕ ਮਾਰਚ ਕਰਕੇ ਆਪਣੀ ਭਰਪੂਰ ਹਾਜ਼ਰੀ ਲਗਵਾਈ ਗਈ। ਕਿਸਾਨਾਂ ਦਾ ਉਤਸ਼ਾਹ ਅਤੇ ਜਜ਼ਬਾ ਦੱਸ ਰਿਹਾ ਸੀ ਕਿ ਮੋਦੀ ਹਕੂਮਤ ਵੱਲੋਂ ਸੁਣਵਾਈ ਨਾ ਕੀਤੇ ਜਾਣ ਦੇ ਬਾਵਜੂਦ ਉਹ ਡਟੇ ਹੋਏ ਹਨ ਤੇ ਆਪਣੀਆਂ ਮੰਗਾਂ ਮੰਨਵਾਉਣ ਤੱਕ ਘੋਲ ਜਾਰੀ ਰੱਖਣ ਲਈ ਦ੍ਰਿੜ ਹਨ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਸੱਤ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੋਦੀ ਹਕੂਮਤ ਕਿਸਾਨ ਮੰਗਾਂ ਪ੍ਰਤੀ ਘੇਸਲ ਵੱਟੀ ਬੈਠੀ ਹੈ ਤੇ ਸਰਕਾਰ ਨੂੰ ਲੱਗਦਾ ਹੈ ਕਿ ਇੱਕ ਨਾ ਇੱਕ ਦਿਨ ਕਿਸਾਨ ਹੰਭ ਹਾਰ ਕੇ ਵਾਪਸ ਮੁੜ ਜਾਣਗੇ। ਪਰ ਉਸ ਨੂੰ ਸ਼ਾਇਦ ਇਹ ਭੁੱਲ ਗਿਆ ਕਿ ਕਿਰਤੀ ਕਿਸਾਨ ਮਿਹਨਤ ਕਰਕੇ ਅੰਨ ਹੀ ਨਹੀਂ ਪੈਦਾ ਕਰਦੇ, ਬਲਕਿ ਇਹ ਮਿਹਨਤੀ ਕੰਮਕਾਰ ਕਿਸਾਨਾਂ ਦੇ ਸੁਭਾਅ ਨੂੰ ਵੀ ਸਖਤ ਬਣਾ ਦਿੰਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਆਪਣੀਆਂ ਮੰਗਾਂ ਮੰਨਵਾ ਕੇ ਹੀ ਦਮ ਲਵੇਗਾ। ਇਸ ਦੌਰਾਨ ਕਿਸਾਨ ਆਗੂਆਂ ਨੇ ਚੰਡੀਗੜ੍ਹ ਤੇ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਕੀਤੇ ਸਰਕਾਰੀ ਜਬਰ ਦੀ ਵੀ ਨਿਖੇਧੀ ਕੀਤੀ। ਸਿੰਘੂ ਤੇ ਟਿਕਰੀ ਵਿੱਚ ਕੀਤੇ ਮਾਰਚਾਂ ਦੀ ਅਗਵਾਈ ਜਤਿੰਦਰ ਸਿੰਘ ਛੀਨਾ, ਸਤਬਿੀਰ ਸਿੰਘ, ਸੰਤੋਖ ਸਿੰਘ ਸੰਧੂ, ਅਮਰਜੀਤ ਸਿੰਘ ਤੇ ਭੁਪਿੰਦਰ ਸਿੰਘ ਲੌਂਗੋਵਾਲ ਨੇ ਕੀਤੀ।