ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ਼, 22 ਜਨਵਰੀ
‘ਮਾਤਾਂ ਦੀਆਂ ਭੇਟਾਂ’ ਗਾਉਣ ਲਈ ਮਕਬੂਲ ਭਜਨ ਸਮਰਾਟ ਨਰੇਂਦਰ ਚੰਚਲ ਦਾ ਅੱਜ ਦੇਹਾਂਤ ਹੋ ਗਿਆ। ਉਹ 80 ਸਾਲਾਂ ਦੇ ਸਨ ਤੇ ਉਨ੍ਹਾਂ ਦਿੱਲੀ ਦੇ ਸਰਵਪ੍ਰਿਯ ਵਿਹਾਰ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ‘ਬੌਬੀ’, ‘ਬੇਨਾਮ’, ‘ਆਸ਼ਾ’, ‘ਰੋਟੀ ਕੱਪੜਾ ਔਰ ਮਕਾਨ’ ਤੇ ‘ਅਵਤਾਰ’ ਸਮੇਤ ਬੌਲੀਵੁੱਡ ਦੀਆਂ ਕਈ ਫ਼ਿਲਮਾਂ ਲਈ ਗੀਤ ਗਾਉਣ ਤੋਂ ਇਲਾਵਾ ਕਈ ਐਲਬਮਾਂ ਵੀ ਕੱਢੀਆਂ। ਉਨ੍ਹਾਂ ਨੂੰ ਬਿਹਤਰੀਨ ਪਿੱਠਵਰਤੀ ਗਾਇਕ ਲਈ ਫ਼ਿਲਮ ਫੇਅਰ ਪੁਰਸਕਾਰ ਵੀ ਮਿਲਿਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕ੍ਰਿਕਟਰ ਹਰਭਜਨ ਸਿੰਘ ਤੇ ਗਾਇਕ ਦਲੇਰ ਮਹਿੰਦੀ ਨੇ ਚੰਚਲ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ੍ਰੀ ਮੋਦੀ ਨੇ ਟਵੀਟ ਕਰਕੇ ਗਾਇਕ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨਾਲ ਦੁਖ ਵੰਡਾਇਆ।