ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
ਦਿੱਲੀ ਪੁਲੀਸ ਨੇ ਇੱਕ ਗਰੋਹ ਨਾਲ ਜੁੜੇ ਘੱਟੋ-ਘੱਟ 22 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਥਿਤ ਤੌਰ ’ਤੇ ਲੋਕਾਂ ਨੂੰ ਫਰਜ਼ੀ ਲੋਨ ਸਕੀਮਾਂ ਵਿੱਚ ਫਸਾਉਂਦੇ ਸਨ ਅਤੇ ਚੀਨ ਵਿੱਚ ਆਪਣੇ ਸਹਿਯੋਗੀਆਂ ਨੂੰ ਡੇਟਾ ਭੇਜਣ ਲਈ ਉਨ੍ਹਾਂ ਦੇ ਨਿੱਜੀ ਡੇਟਾ ਦੀ ਵਰਤੋਂ ਕਰਦੇ ਸਨ। ਸਾਈਬਰ ਸੈੱਲ ਨੇ ਕਥਿਤ ਤੌਰ ’ਤੇ ਵਸੂਲੀ ਵਿੱਚ ਸ਼ਾਮਲ ਘੱਟੋ-ਘੱਟ ਸੌ ਫਰਜ਼ੀ ਲੋਨ ਐਪਸ ਦਾ ਪਤਾ ਲਾਇਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਲਖਨਊ ਸਥਿਤ ਇਸ ਗਰੋਹ ਨੇ ਕ੍ਰਿਪਟੋਕਰੰਸੀ ਤੇ ਹਵਾਲਾ ਰਾਹੀਂ ਪੈਸੇ ਟ੍ਰਾਂਸਫਰ ਕਰ ਕੇ ਲੱਖਾਂ ਦੀ ਲੁੱਟ ਕੀਤੀ ਹੈ। ਪੁਲੀਸ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਰਾਜਾਂ ਵਿੱਚ ਫੈਲੇ ਆਪਣੇ ਨੈੱਟਵਰਕ ਨਾਲ ਬਿਹਾਰ, ਹਰਿਆਣਾ, ਦਿੱਲੀ ਤੇ ਕਰਨਾਟਕ ਵਿੱਚ ਛਾਪੇ ਮਾਰੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਸੁਪ੍ਰੀਤ ਕੇ ਸ਼ੈੱਟੀ ਅਤੇ ਨਵਨੀਤ ਕੁਮਾਰ ਭਾਟੀ ਸਨ, ਜੋ ਕਥਿਤ ਤੌਰ ’ਤੇ ਚੀਨ ਵਿੱਚ ਪੜ੍ਹਦੇ ਸਨ। ਛਾਪੇ ਦੌਰਾਨ ਹਾਰਡ ਡਿਸਕ, ਲੈਪਟਾਪ ਅਤੇ ਕ੍ਰੈਡਿਟ ਕਾਰਡ ਸਮੇਤ ਵੱਡੀ ਗਿਣਤੀ ਵਿੱਚ ਮੋਬਾਈਲ ਬਰਾਮਦ ਕੀਤੇ ਗਏ ਹਨ। ਗਰੋਹ ਦੇ ਮੈਂਬਰ ਆਪਣੇ ਕਾਲ ਸੈਂਟਰਾਂ ਨੂੰ ਬੰਗਲਾਦੇਸ਼, ਪਾਕਿਸਤਾਨ ਅਤੇ ਨੇਪਾਲ ਵਿੱਚ ਤਬਦੀਲ ਕਰਨ ਵਿੱਚ ਵੀ ਸ਼ਾਮਲ ਸਨ। ਇਹ ਗਰੋਹ ਛੋਟੇ ਕਰਜ਼ੇ ਦੇਣ ਲਈ ਐਪ ’ਤੇ ਅਰਜ਼ੀਆਂ ਅਪਲੋਡ ਕਰਦਾ ਸੀ। ਪੁਲੀਸ ਨੇ ਕਿਹਾ ਕਿ ਇੱਕ ਵਿਅਕਤੀ ਵੱਲੋਂ ਆਪਣਾ ਵੇਰਵਾ ਦੇਣ ਤੋਂ ਬਾਅਦ ਗਰੋਹ ਦੇ ਮੈਂਬਰ ਉਨ੍ਹਾਂ ਨੂੰ ਜਾਅਲੀ ਆਈਡੀ ਤੋਂ ਕਾਲ ਕਰਦੇ ਸਨ ਤੇ ਇੰਟਰਨੈੱਟ ’ਤੇ ਨਗਨ ਤਸਵੀਰਾਂ ਅਪਲੋਡ ਕਰ ਕੇ ਬਿਨੈਕਾਰਾਂ ਨੂੰ ਬੇਨਕਾਬ ਕਰਨ ਦੀ ਧਮਕੀ ਦਿੰਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੰਪਰਕ ਸੂਚੀ ਅਤੇ ਕਾਲ ਲੌਗ ਚੀਨ ਅਤੇ ਹਾਂਗਕਾਂਗ ਸਥਿਤ ਸਰਵਰਾਂ ’ਤੇ ਅਪਲੋਡ ਕੀਤੇ ਗਏ ਸਨ। ਇਨ੍ਹਾਂ ਵਿਅਕਤੀਆਂ ਨੇ ਪੈਸੇ ਟ੍ਰਾਂਸਫਰ ਕਰਨ ਲਈ ਕਈ ਫਰਜ਼ੀ ਖਾਤਿਆਂ ਦੀ ਵਰਤੋਂ ਕੀਤੀ।
ਜ਼ਿਕਰਯੋਗ ਹੈ ਕਿ ਕਈ ਲੋਕਾਂ ਨੇ ਫਰਜ਼ੀ ਲੋਨ ਐਪਸ ਦੀ ਜਾਂਚ ਕਰਨ ਲਈ ਦਿੱਲੀ ਪੁਲੀਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਸਨ।