ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਮਈ
ਦਿੱਲੀ ਟਰਾਂਸਪੋਰਟ ਵਿਭਾਗ ਨੇ ਫਿਟਨੈੱਸ ਪ੍ਰਮਾਣ ਪੱਤਰ ਤੋਂ ਬਿਨਾਂ ਚੱਲਣ ਵਾਲੇ ਸਰਕਾਰੀ ਵਿਭਾਗਾਂ ਸਮੇਤ ਟਰਾਂਸਪੋਰਟ ਵਾਹਨਾਂ ਦੇ ਮਾਲਕਾਂ ਤੇ ਡਰਾਈਵਰਾਂ ਨੂੰ 10,000 ਰੁਪਏ ਤੱਕ ਜੁਰਮਾਨਾ ਅਤੇ ਕੈਦ ਦੀ ਸਜ਼ਾ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਨੇ ਇਹ ਕਦਮ ਕਈ ਵਾਹਨ ਵੈਲਿਡ ਫਿਟਨੈੱਸ ਸਰਟੀਫਿਕੇਟ ਤੋਂ ਬਿਨਾਂ ਚੱਲਦੇ ਪਾਏ ਜਾਣ ਮਗਰੋਂ ਚੁੱਕਿਆ ਹੈ। ਵੈਲਿਡ ਫਿਟਨੈੱਸ ਸਰਟੀਫਿਕੇਟ ਤੋਂ ਬਿਨਾਂ ਵਾਹਨ ਚਲਾਉਣਾ ਮੋਟਰ ਵਾਹਨ (ਐੱਮਵੀ) ਐਕਟ ਦੀ ਉਲੰਘਣਾ ਹੈ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਐਨਫੋਰਸਮੈਂਟ ਟੀਮਾਂ ਨੂੰ ਸੜਕਾਂ ’ਤੇ ਅਜਿਹੇ ਵਾਹਨਾਂ ਦੀ ਭਾਲ ਕਰਦੇ ਰਹਿਣ ਲਈ ਕਿਹਾ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਲਈ ਮੁਹਿੰਮ ਚਲਾਈ ਜਾਵੇਗੀ।
ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਜਨਤਕ ਨੋਟਿਸ ਵਿੱਚ ਕਿਹਾ ਗਿਆ ਕਿ ਸਰਕਾਰੀ ਵਿਭਾਗਾਂ, ਸਥਾਨਕ ਸੰਸਥਾਵਾਂ ਅਤੇ ਜਨਤਕ ਖੇਤਰ ਦੀਆਂ ਇਕਾਈਆਂ ਨਾਲ ਸਬੰਧਤ ਟਰਾਂਸਪੋਰਟ ਵਾਹਨਾਂ ਸਮੇਤ ਬਹੁਤ ਸਾਰੇ ਮਾਲਕ ਜਾਂ ਡਰਾਈਵਰ ਵੈਲਿਡ ਫਿਟਨੈੱਸ ਸਰਟੀਫਿਕੇਟ ਤੋਂ ਬਿਨਾਂ ਟਰਾਂਸਪੋਰਟ ਵਾਹਨ ਚਲਾ ਰਹੇ ਹਨ, ਜੋ ਕਿ ਮੋਟਰ ਵਹੀਕਲਜ਼ ਐਕਟ 1988 ਅਤੇ ਉਸ ਦੇ ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ ਹੈ। ਸਾਰੇ ਵਾਹਨ ਮਾਲਕਾਂ ਤੇ ਡਰਾਈਵਰਾਂ, ਜਿਨ੍ਹਾਂ ਵਿੱਚ ਜਨਤਕ ਸੇਵਾ ਵਾਲੇ ਵਾਹਨ, ਮਾਲ ਢੋਣ ਵਾਲੇ ਵਾਹਨ, ਸਕੂਲਾਂ ਤੇ ਕਾਲਜਾਂ ਦੀਆਂ ਬੱਸਾਂ ਅਤੇ ਕੈਬ ਦੀ ਵਰਤੋਂ ਕਰਦੇ ਹਨ, ਕੋਲ ਵੈਲਿਡ ਵਾਹਨ ਫਿਟਨੈੱਸ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਐੱਮਵੀ ਐਕਟ ਦੀ ਧਾਰਾ 56 ਦੇ ਅਨੁਸਾਰ ਟਰਾਂਸਪੋਰਟ ਵਾਹਨ ਉਦੋਂ ਤੱਕ ਵੈਲਿਡ ਰੂਪ ਵਿੱਚ ਰਜਿਸਟਰਡ ਨਹੀਂ ਮੰਨਿਆ ਜਾਂਦਾ ਹੈ ਜਦੋਂ ਤੱਕ ਉਹ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੁਆਰਾ ਜਾਰੀ ਫਿਟਨੈੱਸ ਦਾ ਪ੍ਰਮਾਣਿਤ ਪ੍ਰਮਾਣ ਪੱਤਰ ਨਹੀਂ ਰੱਖਦਾ ਹੈ। ਅਜਿਹੇ ਟਰਾਂਸਪੋਰਟ ਵਾਹਨ ਫਿਟਨੈੱਸ ਸਰਟੀਫਿਕੇਟ ਪ੍ਰਾਪਤ ਹੋਣ ਤੱਕ ਸੜਕਾਂ ’ਤੇ ਚੱਲਣ ਦੇ ਯੋਗ ਨਹੀਂ ਹਨ। ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਨਿਯਮ 62 ਦੇ ਅਨੁਸਾਰ ਫਿਟਨੈੱਸ ਸਰਟੀਫਿਕੇਟ ਅੱਠ ਸਾਲ ਤੱਕ ਪੁਰਾਣੇ ਵਾਹਨਾਂ ਲਈ ਦੋ ਸਾਲ ਤੇ ਅੱਠ ਸਾਲ ਤੋਂ ਵੱਧ ਪੁਰਾਣੇ ਵਾਹਨਾਂ ਲਈ ਇੱਕ ਸਾਲ ਦੀ ਮਿਆਦ ਲਈ ਵੈਲਿਡ ਹੈ। ਈ-ਰਿਕਸ਼ਾ ਅਤੇ ਈ-ਕਾਰਟ ਲਈ ਫਿਟਨੈਸ ਸਰਟੀਫਿਕੇਟ 3 ਸਾਲਾਂ ਦੀ ਮਿਆਦ ਲਈ ਵੈਲਿਡ ਹੈ।