ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਦਸੰਬਰ
ਨੋਇਡਾ ’ਚ ਸਾਈਬਰਾਬਾਦ ਪੁਲੀਸ ਨੇ ਨਵੀਂ ਦਿੱਲੀ ਅਤੇ ਨੋਇਡਾ ’ਚ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ ਤੇ ਇੱਕ ਸਰਕਾਰੀ ਬੈਂਕ ਤੇ ਇੱਕ ਐਪ ਅਧਾਰਤ ਪਲੇਟਫਾਰਮ ਦੇ ਕਰਮਚਾਰੀ ਦੇ ਰੂਪ ’ਚ ਨਾਗਰਿਕਾਂ ਨੂੰ ਧੋਖਾ ਦੇਣ ਦੇ ਦੋਸ਼ ਹੇਠ ਕਈ ਔਰਤਾਂ ਸਮੇਤ 28 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਈਬਰਾਬਾਦ ਪੁਲੀਸ ਕਮਿਸ਼ਨਰ ਸਟੀਫਨ ਰਵਿੰਦਰ ਨੇ ਦੱਸਿਆ ਕਿ ਪੁਲੀਸ ਨੇ ਦਿੱਲੀ ਦੇ ਫਰਜ਼ੀ ਕਾਲ ਸੈਂਟਰ ’ਤੇ ਛਾਪਾ ਮਾਰਿਆ। ਉਨ੍ਹਾਂ ਕਿਹਾ ਕਿ ਗਰੋਹ ਨੇ ਬੈਂਕ ਕਰਮਚਾਰੀ ਹੋਣ ਦਾ ਬਹਾਨਾ ਬਣਾ ਕੇ ਨਾਗਰਿਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਇਹ ਗਰੋਹ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਦਾ ਡੇਟਾ ਇਕੱਠਾ ਕਰਨ ਤੋਂ ਬਾਅਦ, ਵੇਰੀਫਿਕੇਸ਼ਨ ਦੀ ਆੜ ’ਚ ‘ਸਪੂਫਿੰਗ ਕਾਲ’ ਐਪਲੀਕੇਸ਼ਨਾਂ ਦੀ ਵਰਤੋਂ ਕਰ ਕੇ ਉਨ੍ਹਾਂ ਨਾਲ ਸੰਪਰਕ ਕਰਦਾ ਸੀ ਤੇ ਨਵੇਂ ਕਾਰਡ ਜਾਰੀ ਕਰਨ ਬਹਾਨੇ ਗਾਹਕਾਂ ਨਾਲ ਧੋਖਾਧੜੀ ਕਰਦਾ ਸੀ।