ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਈ
ਦਿੱਲੀ ਤੇ ਐੱਨਸੀਆਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਜ ਵੀ ਤਾਬੜ-ਤੋੜ ਗਰਮੀ ਜਾਰੀ ਰਹੀ ਤੇ ਲੋਕਾਂ ਨੂੰ ਐਤਵਰ ਦਾ ਦਿਨ ਬਹੁਤਾ ਕਰਕੇ ਘਰਾਂ ਵਿੱਚ ਰਹਿ ਕੇ ਲੰਘਾਉਣਾ ਪਿਆ। ਦੋ ਸਟੇਸ਼ਨਾਂ ਉਤੇ ਤਾਪਮਾਨ 49 ਡਿਗਰੀ ਨੂੰ ਪਾਰ ਕਰ ਗਿਆ। ਫਰੀਦਾਬਾਦ ਤੇ ਗੁਰੂਗ੍ਰਾਮ ਵਿੱਚ ਤਾਪਮਾਨ 48 ਡਿਗਰੀ ਦਰਜ ਹੋਇਆ ਹੈ। ਮੌਸਮ ਮਹਿਕਮੇ ਨੇ ਕਿਹਾ ਕਿ ਸੋਮਵਾਰ ਨੂੰ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ ਜਿਸ ਕਾਰਨ ਤਾਪਮਾਨ ਵਿੱਚ ਮਾਮੂਲੀ ਰਾਹਤ ਦੀ ਉਮੀਦ ਹੈ। ਅੱਜ ਦਿੱਲੀ ਦਾ ਵੱਧ ਤੋਂ ਵੱਧ ਔਸਤਨ ਤਾਪਮਾਨ 46 ਡਿਗਰੀ ਰਿਹਾ ਤੇ ਘੱਟ ਤੋਂ ਘੱਟ ਤਾਪਮਾਨ 32 ਡਿਗਰੀ ਮਾਪਿਆ ਗਿਆ। ਹਾਲਾਂ ਕਿ ਕਈ ਇਲਾਕਿਆਂ ਵਿੱਚ ਤਾਪਮਾਨ 49 ਡਿਗਰੀ ਵੀ ਦੱਸਿਆ ਜਾ ਰਿਹਾ ਹੈ। ਅੱਜ ਲੂਅ ਦਾ ਸਿਖ਼ਰ ਸੀ ਤੇ ਅਗਲੇ ਦੋ ਦਿਨਾਂ ਦੌਰਾਨ ਰਾਹਤ ਮਿਲ ਸਕਦੀ ਹੈ। ਦਿੱਲੀ ਦੇ ਔਸਤਨ ਅੰਕੜੇ ਦੱਸਣ ਵਾਲੇ ਸਫ਼ਦਰਜੰਗ ਆਬਜ਼ਰਵੇਟਰੀ ‘’ਤੇ ਐਤਵਾਰ ਨੂੰ ਤਾਪਮਾਨ 46 ਤੋਂ ਵੱਧ ਸੀ। ਡਿਗਰੀ ਮਾਪਿਆ ਗਿਆ। ਬੀਤੇ ਦਿਨ ਇੱਥੇ 46 ਡਿਗਰੀ ਸੀ। ਮੁੰਗੇਸ਼ਪੁਰ ਚ 49.2 ਡਿਗਰੀ ਮਾਪਿਆ ਗਿਆ। ਨਜਫਗੜ੍ਹ ਚ 49.1 ਡਿਗਰੀ ਸੀ। ਪਾਲਮ ਵਿੱਚ ਵੱਧ ਤੋਂ ਵੱਧ ਤਾਪਮਾਨ 46.4 ਡਿਗਰੀ, ਰਿਜ ਵਿੱਚ 47.2 ਡਿਗਰੀ, ਅਯਾ ਨਗਰ ਵਿੱਚ 46.8 ਡਿਗਰੀ, ਜਾਫਰਪੁਰ ਵਿੱਚ 47.5 ਡਿਗਰੀ, ਪੀਤਮਪੁਰਾ ਵਿੱਚ 47.3 ਡਿਗਰੀ, ਸਪੋਰਟਸ ਕੰਪਲੈਕਸ ਵਿੱਚ 48.4 ਡਿਗਰੀ ਅਤੇ ਮਯੂਰ ਵਿਹਾਰ ਵਿੱਚ 45.5 ਡਿਗਰੀ ਦਰਜ ਕੀਤਾ ਗਿਆ
ਰਾਜਸਥਾਨ ਤੋਂ ਆ ਰਹੀਆਂ ਗਰਮ ਹਵਾਵਾਂ ਕਾਰਨ ਦਿੱਲੀ ਐਨਸੀਆਰ ਦੇ ਇਲਾਕੇ ਤਪੇ ਹੋਏ ਹਨ। ਲੋਕਾਂ ਨੇ ਠੰਢੇ ਪੇਯ ਪਦਾਰਥਾਂ, ਲੱਸੀ, ਠੰਢਿਆਈ, ਸ਼ਿਕੰਜਵੀ, ਵੇਲ ਤੇ ਹੋਰ ਸਾਧਨਾਂ ਨਾਲ ਗਰਮੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ। ਜੋ ਬਾਜ਼ਾਰ ਐਤਵਾਰ ਨੂੰ ਖੁੱਲ੍ਹਦੇ ਹਨ, ਉੱਥੇ ਵੀ ਦੁਪਹਿਰ ਨੂੰ ਬਹੁਤ ਥੋੜ੍ਹੇ ਗ੍ਰਾਹਕ ਦੇਖੇ ਗਏ। ਦੁਕਾਨਦਾਰ ਸੁਸਤਾ ਰਹੇ ਸਨ। ਗਰਮ ਤੇ ਖੁਸ਼ਕ ਪੱਛਮੀ ਹਵਾਵਾਂ ਤੋਂ ਪ੍ਰਭਾਵਿਤ ਦਿੱਲੀ ਵਿੱਚ ਸ਼ਨਿਚਰਵਾਰ ਦਾ ਦਿਨ ਸਭ ਤੋਂ ਗਰਮ ਰਿਹਾ ਤੇ ਰਾਜਧਾਨੀ ਦੇ ਨਜ਼ਫ਼ਗੜ੍ਹ ਵਿੱਚ ਪਾਰਾ 47 ਡਿਗਰੀ ਤੱਕ ਪਹੁੰਚ ਗਿਆ ਸੀ ਅਤੇ ਦਿੱਲੀ ਦੇ ਮੁੰਗੇਸ਼ਪੁਰ ਵਿੱਚ ਵੱਧ ਤੋਂ ਵੱਧ ਪਾਰਾ 47.2 ਡਿਗਰੀ ਸੀ। ਮੌਸਮ ਮਾਹਰਾਂ ਨੇ ਕਮਜ਼ੋਰ ਸਰੀਰ ਵਾਲਿਆਂ ਨੂੰ ਗਰਮੀ ਵਿੱਚ ਨਿਕਲਣ ਤੋਂ ਬਚਣ ਤੇ ਤਲਿਆ ਭੋਜਨ ਨਾ ਖਾਣ ਦੀ ਸਲਾਹ ਦਿੱਤੀ ਹੈ।