ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਨਵੰਬਰ
ਲਗਪੱਗ 24 ਸਾਲਾਂ ਬਾਅਦ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਲਈ ਆਰਐੱਸਐੱਸ ਨਾਲ ਸਬੰਧਤ ਨੈਸ਼ਨਲ ਡੈਮੋਕਰੈਟਿਕ ਟੀਚਰਜ਼ ਫਰੰਟ ਦਾ ਉਮੀਦਵਾਰ ਚੁਣਿਆ ਗਿਆ ਤੇ ਏਕੇ ਭਾਗੀ ਨੇ ਆਪਣੇ ਨੇੜਲੇ ਵਿਰੋਧੀ ਖੱਬੇ-ਪੱਖੀ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਆਭਾ ਦੇਵ ਹਬੀਬ ਨੂੰ 1,382 ਵੋਟਾਂ ਦੇ ਫਰਕ ਨਾਲ ਹਰਾਇਆ। ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਡੂਟਾ) ਦੀਆਂ ਚੋਣਾਂ ਸ਼ੁੱਕਰਵਾਰ ਨੂੰ ਹੋਈਆਂ ਤੇ ਨਤੀਜੇ ਸ਼ਨੀਵਾਰ ਨੂੰ ਐਲਾਨੇ ਗਏ। ਚੋਣਾਂ ਹਰ ਦੋ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ। ਨੈਸ਼ਨਲ ਡੈਮੋਕਰੈਟਿਕ ਟੀਚਰਜ਼ ਫਰੰਟ (ਐਨਡੀਟੀਐਫ) ਦੇ ਉਮੀਦਵਾਰ ਭਾਗੀ ਨੂੰ 3,584 ਵੋਟਾਂ ਮਿਲੀਆਂ ਜਦਕਿ ਹਬੀਬ ਨੂੰ 2,202 ਵੋਟਾਂ ਮਿਲੀਆਂ। ਕਾਂਗਰਸ ਸਮਰਥਿਤ ਅਕੈਡਮਿਕਸ ਫਾਰ ਐਕਸ਼ਨ ਐਂਡ ਡਿਵੈਲਪਮੈਂਟ (ਏਏਡੀ) ਦੇ ਪ੍ਰੇਮ ਚੰਦ ਨੂੰ 832 ਵੋਟਾਂ ਮਿਲੀਆਂ ਜਦਕਿ ਨਵੇਂ ਬਣੇ ਐਡਹਾਕ ਟੀਚਰਜ਼ ਫਰੰਟ ਦੀ ਸ਼ਬਾਨਾ ਆਜ਼ਮੀ ਨੂੰ ਸਿਰਫ਼ 263 ਵੋਟਾਂ ਮਿਲੀਆਂ। ਡੀਯੂਟੀਏ ਪ੍ਰਧਾਨ ਦਾ ਅਹੁਦਾ ਆਖਰੀ ਵਾਰ 1997 ਵਿੱਚ ਐਨਡੀਟੀਐਫ ਨੇ ਜਿੱਤਿਆ ਸੀ ਤੇ ਸ਼੍ਰੀ ਰਾਮ ਓਬਰਾਏ ਇਸਦੇ ਉਮੀਦਵਾਰ ਸਨ। ਉਸ ਤੋਂ ਬਾਅਦ, ਇਸ ਤਾਜ਼ਾ ਚੋਣ ਤੱਕ ਇਹ ਅਹੁਦਾ ਜਾਂ ਤਾਂ ਡੀਟੀਐਫ ਜਾਂ ਏਏਡੀ ਕੋਲ ਸੀ। ਡੀਟੀਐਫ ਪੰਜ ਵਾਰ ਇਸ ਅਹੁਦੇ ’ਤੇ ਰਹੇ। ਪੰਜ ਐਨਡੀਟੀਐਫ ਉਮੀਦਵਾਰ ਵੀ 15 ਮੈਂਬਰੀ ਡੀਯੂਟੀਏ ਕਾਰਜਕਾਰਨੀ ਲਈ ਚੁਣੇ ਗਏ ਹਨ। ਆਮ ਆਦਮੀ ਪਾਰਟੀ ਦੇ ਅਧਿਆਪਕ ਵਿੰਗ ਦਿੱਲੀ ਟੀਚਰਜ਼ ਐਸੋਸੀਏਸ਼ਨ, ਜਿਸ ਨੇ ਆਪਣੇ ਪ੍ਰਧਾਨ ਹੰਸਰਾਜ ਸੁਮਨ ਨੂੰ ਡੂਟਾ ਕਾਰਜਕਾਰਨੀ ਲਈ ਮੈਦਾਨ ਵਿੱਚ ਉਤਾਰਿਆ ਸੀ ਨੂੰ ਜਿੱਤ ਨਹੀਂ ਮਿਲੀ। ਐਨਡੀਟੀਐਫ ਦੇ ਜਨਰਲ ਸਕੱਤਰ ਵੀਐਸ ਨੇਗੀ ਦੇ ਅਨੁਸਾਰ ਅਧਿਆਪਕਾਂ ਨੇ ਸੱਤਾ ਵਿੱਚ ਨਾ ਹੋਣ ਦੇ ਬਾਵਜੂਦ ਸਾਡੇ ਕੀਤੇ ਚੰਗੇ ਕੰਮ ਨੂੰ ਦੇਖਿਆ।