ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਦਿੱਲੀ ਐਨਸੀਆਰ ਦੇ ਇਲਾਕਿਆਂ ਵਿੱਚ ਦੁਪਹਿਰ ਵੇਲੇ ਰਾਜਸਥਾਨ ਦੇ ਖੇਤਰ ਤੋਂ ਆਈ ਧੂੜ ਭਰੀ ਹਨੇਰੀ ਨਾਲ ਇਸ ਖਿੱਤੇ ਦੇ ਅਸਮਾਨ ਉਪਰ ਗਰਦ ਛਾ ਗਈ ਤੇ ਗਰਮੀ ਤੋਂ ਮਾਮੂਲੀ ਰਾਹਤ ਮਿਲੀ। ਹਾਲਾਂਕਿ ਦਿਨ ਵੇਲੇ ਸੂਰਜ ਤਪਦਾ ਰਿਹਾ ਤੇ ਤਾਪਮਾਨ 40 ਡਿਗਰੀ ਦੇ ਨੇੜੇ ਰਿਹਾ। ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਇਹ ਧੂੜ ਭਰੀ ਹਨੇਰੀ ਆਈ ਤੇ ਮੌਸਮ ਦਾ ਮਿਜਾਜ਼ ਬਦਲ ਗਿਆ। ਮੌਸਮ ਮਹਿਕਮੇ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ ਹੈ। ਇਸ ਤੋਂ ਪਹਿਲਾਂ ਮੌਸਮ ਵਿਿਗਆਨੀਆਂ ਨੇ ਸਾਫ਼ ਕੀਤਾ ਹੈ ਕਿ ਮੌਸਮ ਵਿੱਚ ਹੋਰ ਦੇਰ ਹੋ ਸਕਦੀ ਹੈ ਤੇ ਆਪਣੇ ਤੈਅ ਸਮੇਂ ਤੋਂ ਪੱਛੜ ਸਕਦੀ ਹੈ। ਪਹਿਲਾਂ 15 ਜੂਨ ਦੇ ਨੇੜੇ-ਤੇੜੇ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਸੀ। ਅੱਜ ਆਈ ਹਨੇਰੀ ਨਾਲ ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਵੀ ਵੱਧ ਗਿਆ। ਬੀਤੇ ਦਿਨ ਐੱਨਸੀਆਰ ਵਿੱਚ 40 ਤੋਂ 42 ਡਿਗਰੀ ਤਾਪਮਾਨ ਵੱਖ-ਵੱਖ ਇਲਾਕਿਆਂ ਵਿੱਚ ਮਾਪਿਆ ਗਿਆ ਸੀ। ਗਰਮੀ ਦੇ ਕਹਿਰ ਦੌਰਾਨ ਦਿੱਲੀ ਵਿੱਚ ਬਿਜਲੀ ਦੀ ਮੰਗ ਵੱਧ ਗਈ ਹੈ ਕਿਉਂਕਿ ਖਪਤ ਵਧਣ ਕਰਕੇ ਰੋਜ਼ਾਨਾ 7 ਹਜ਼ਾਰ ਮੈਗਾਵਾਟ ਬਿਜਲੀ ਇਸ ਇਲਾਕੇ ਵਿੱਚ ਲੋੜੀਂਦੀ ਹੋਵੇਗੀ। ਲੌਕਡਾਊਨ ਹਟਣ ਮਗਰੋਂ ਬਿਜਲੀ ਦੀ ਖਪਤ ਦਿੱਲੀ ਵਿੱਚ ਲਗਾਤਾਰ ਵਧਣ ਲੱਗੀ ਹੈ। 10 ਜੂਨ ਨੂੰ 6499 ਮੈਗਾਵਾਟ, ਬੁੱਧਵਾਰ ਨੂੰ 6100 ਤੋਂ ਵੱਧ ਬਿਜਲੀ ਦੀ ਮੰਗ ਰਹੀ ਤੇ ਅਗਲੇ ਦਿਨਾਂ ਦੌਰਾਨ ਕਰੀਬ 7 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਹੋਵੇਗੀ।