ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਦਸੰਬਰ
ਦਿੱਲੀ ਦੇ ਲੋਕਾਂ ਨੇ ਵੀਰਵਾਰ ਸਵੇਰੇ ਐੱਮਬੀ ਰੋਡ ਨੂੰ ਜਾਮ ਕਰ ਦਿੱਤਾ ਤੇ ਡੀਟੀਸੀ ਬੱਸਾਂ ਨੂੰ ਨੁਕਸਾਨ ਪਹੁੰਚਾਇਆ ਕਿਉਂਕਿ ਲੋਕਾਂ ਨੂੰ ਇੱਕ ਬੱਸ ਵਿੱਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਜੋ ਕਿ ਕੋਵਿਡ ਦੇ ਵੱਧ ਰਹੇ ਕੇਸਾਂ ਕਾਰਨ ਦਿੱਲੀ ‘ਯੈਲੋ’ ਅਲਰਟ ’ਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ ਤੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਏਡੀਸੀ (ਦੱਖਣੀ) ਐੱਮ ਹਰਸ਼ਵਰਧਨ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 10.30 ਵਜੇ ਕੁਝ ਲੋਕਾਂ ਨੇ ਐੱਮਬੀ ਰੋਡ ’ਤੇ ਜਾਮ ਲਗਾ ਦਿੱਤਾ ਤੇ ਡੀਟੀਸੀ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਪੁਲੀਸ ਨੇ ਹਲਕੇ ਬਲ ਦੀ ਵਰਤੋਂ ਕਰਕੇ ਭੀੜ ਨੂੰ ਖਦੇੜਿਆ ਗਿਆ। ਸੰਗਮ ਵਿਹਾਰ ਥਾਣੇ ’ਚ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਪੰਜ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਮੁਤਾਬਕ ਇਹ ਕੋਵਿਡ-19 ਸਬੰਧੀ ਪਾਬੰਦੀਆਂ ਕਰਕੇ ਬੱਸਾਂ ਵਿੱਚ ਸੀਟਾਂ ਦੀ ਉਪਲੱਬਧ ਨਾ ਹੋਣ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਕ ਹਰੀ ਤੇ ਲਾਲ ਏਅਰ ਕੰਡੀਸ਼ਨਡ ਬੱਸ ਨੂੰ ਨੁਕਸਾਨ ਪਹੁੰਚਿਆ ਹੈ। ਵਿੰਡਸ਼ੀਲਡ ਤੇ ਸਾਈਡ ਸ਼ੀਸ਼ੇ ਟੁੱਟ ਗਏ। ਇੱਕ ਬੱਸ ਦੇ ਕੰਡਕਟਰ ਨੇ ਕਿਹਾ ਕਿ ਸਾਡੇ ਕੋਲ ਇੱਕ ਸਮੇਂ ’ਚ ਸਿਰਫ 17 ਯਾਤਰੀਆਂ ਨੂੰ ਬੱਸਾਂ ਵਿੱਚ ਚੜ੍ਹਾਉਣ ਦੀ ਆਗਿਆ ਹੈ। ਜਦੋਂ ਬੱਸ ਵਿੱਚ ਡਰਾਈਵਰ, ਕੰਡਕਟਰ ਤੇ ਮਾਰਸ਼ਲ ਸਮੇਤ 20 ਲੋਕ ਹੁੰਦੇ ਹਨ ਤਾਂ ਇਸ ਨੂੰ ਨਹੀਂ ਰੋਕਦੇ। ਰੁਕਣ ’ਤੇ ਜ਼ਿਆਦਾ ਲੋਕ ਬੱਸ ’ਚ ਦਾਖਲ ਹੁੰਦੇ ਹਨ ਬੱਸ ਨੂੰ 2,000 ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਅੱਜ ਬੱਸ ਨਹੀਂ ਰੋਕੀ ਤਾਂ ਲੋਕ ਭੜਕ ਗਏ ਤੇ ਉਨ੍ਹਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਹਾਲਾਂਕਿ ਬੱਸ ਦੇ ਅੰਦਰ ਕੋਈ ਵੀ ਜ਼ਖ਼ਮੀ ਨਹੀਂ ਹੋਇਆ।’’