ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵੱਲੋਂ ਅੱਜ ਸ਼ਕੂਰਪੁਰ ਦੀਆਂ ਝੁੱਗੀਆਂ ਵਿਚ ਉਦਿਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਲੰਗਰ ਵਰਤਾਇਆ ਗਿਆ। ਉਨ੍ਹਾਂ ਕਿਹਾ ਕਿ ਹਰ ਬੁੱਧਵਾਰ ਨੂੰ ਗੁਰਦੁਆਰੇ ਤੋਂ ਲੰਗਰ ਤਿਆਰ ਕਰਕੇ ਝੁੱਗੀਆਂ ’ਚ ਰਹਿਣ ਵਾਲੇ ਪਰਿਵਾਰਾਂ ਨੂੰ ਵੰਡਿਆ ਜਾਵੇਗਾ। ਗੁਰਦੁਆਰੇ ਦੇ ਮੈਨੇਜਰ ਦਵਿੰਦਰ ਸਿੰਘ, ਹਰਜੀਤ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਆਪ ਪੁੱਜ ਕੇ ਲੰਗਰ ਵੰਡਿਆ ਗਿਆ। ਇਸ ਦੌਰਾਨ ਉਦਿਤ ਫ਼ਾਊਂਡੇਸ਼ਨ ਦੇ ਮੁਖੀ ਵੀ ਮੌਜੂਦ ਰਹੇ। ਇਸ ਮੌਕੇ ਹਰਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਦਿਤ ਫ਼ਾਊਂਡੇਸ਼ਨ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸ਼ਕੂਰਪੁਰ ਝੁੱਗੀ ਬਸਤੀ ’ਚ ਰਹਿਣ ਵਾਲੇ ਪਰਿਵਾਰ ਬਹੁਤ ਹੀ ਤਰਸਯੋਗ ਹਾਲਤ ਵਿਚ ਆਪਣਾ ਗੁਜ਼ਰ ਬਸਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਸ ਤੋਂ ਬਾਅਦ ਹਰਮਨਜੀਤ ਸਿੰਘ ਨੇ ਕਮੇਟੀ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਹਰ ਬੁੱਧਵਾਰ ਨੂੰ ਦੁਪਹਿਰ ਦਾ ਭੋਜਨ ਇੱਥੇ ਭੇਜਣ ਦਾ ਐਲਾਨ ਕੀਤਾ ਅਤੇ ਹੁਣ ਹਰ ਬੁੱਧਵਾਰ ਨੂੰ ਲੰਗਰ ਦੇ ਰੂਪ ’ਚ ਭੋਜਨ ਪਹੁੰਚਾਇਆ ਜਾਵੇਗਾ।
ਸਿੱਖ ਮਿਸ਼ਨ ਵੱਲੋਂ ਧਾਰਮਿਕ ਸਮਾਗਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਮਿਸ਼ਨ ਦਿੱਲੀ ਵਲੋਂ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਤੀਸਰਾ ਗੁਰਮਿਤ ਸਮਾਗਮ ਸ੍ਰੀ ਗੁਰੂ ਸਿੰਘ ਸਭਾ ਗੜ੍ਹੀ ਈਸਟ ਆਫ ਕੈਲਾਸ਼ ਦਿਲੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਭਾਈ ਅਮਨਦੀਪ ਸਿੰਘ ਤੇ ਭਾਈ ਸ਼ੌਕੀਨ ਸਿੰਘ ਨੇ ਕੀਰਤਨ ਰਾਹੀਂ ਅਤੇ ਭਾਈ ਹਰਪ੍ਰੀਤ ਸਿੰਘ ਨੇ ਕਥਾ ਰਾਹੀਂ ਸੰਗਤਾਂ ਨਾਲ ਗੁਰਬਾਣੀ ਗੁਰਇਤਿਹਾਸ ਦੀ ਸਾਂਝ ਪਾ ਕੇ ਹਾਜ਼ਰੀ ਭਰੀ। ਇਸ ਸਮਾਗਮ ਦੌਰਾਨ ਸਿੱਖ ਮਿਸ਼ਨ ਵਲੋਂ ਭੇਟਾ ਰਹਿਤ ਲਿਟਰੇਚਰ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰੀਬ 5 ਕਰੋੜ ਸਿੱਖ ਮਿਸ਼ਨ ਦਿੱਲੀ ਲਈ ਐਲਾਨੇ ਹੋਏ ਹਨ ਤੇ ਸਮਾਗਮਾਂ ਰਾਹੀਂ ਸਥਾਨਕ ਸੰਗਤ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਹੈ।