ਕੁਲਦੀਪ ਸਿੰੰਘ
ਨਵੀਂ ਦਿੱਲੀ, 15 ਫਰਵਰੀ
ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਨੌਜਵਾਨਾਂ ਦੇ ਪ੍ਰੋਗਰਾਮ ਯੁਵਾ ਸਾਹਿਤੀ ਦੇ ਤਹਿਤ ‘ਨਾਰੀ-ਕਾਵਿ : ਨਵੇਂ ਸਰੋਕਾਰ’ ਉੱਪਰ ਚਰਚਾ ਕੀਤੀ ਗਈ। ਇਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੋਜਾਰਥੀ ਕਿਰਨ ਪਾਹਵਾ, ਦੇਸ਼ਭਗਤ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਖੋਜਾਰਥੀ ਕਰਮਜੀਤ ਕੌਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਖੋਜਾਰਥੀ ਸਿਮਰਨ ਅਕਸ ਨੇ ਵਿਚਾਰ ਸਾਂਝੇ ਕੀਤੇ। ਖੋਜਾਰਥੀ ਦਵਿੰਦਰ ਸਿੰਘਪ੍ਰੋਗਰਾਮ ਦੇ ਕਨਵੀਨਰ ਸਨ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਲਈ ਸ਼ੁਰੂ ਕੀਤੇ ਪ੍ਰੋਗਰਾਮ ਯੁਵਾ ਸਹਿਤੀ ਬਾਰੇ ਚਾਨਣਾ ਪਾਇਆ ਅਤੇ ਨੌਜਵਾਨ ਵਿਦਿਆਰਥੀ ਵਰਗ ਨੂੰ ਇਸ ਨਾਲ ਜੁੜਨ ਦਾ ਸੱਦਾ ਦਿੱਤਾ। ਕਰਮਜੀਤ ਕੌਰ ਨੇ ਆਪਣੇ ਸੰਬੋਧਨ ’ਚ ਨਾਰੀ ਕਾਵਿ ਉੱਪਰ ਆਪਣੇ ਰਾਹੀਂ ਸੰਪਾਦਿਤ ਪੁਸਤਕ ਦਾ ਹਵਾਲਾ ਦਿੰਦਿਆਂ ਇਸ ’ਚ ਵਰਣਿਤ ਅਜੋਕੇ ਸਰੋਕਾਰਾਂ ਬਾਰੇ ਆਪਣੀ ਗੱਲ ਕਹੀ। ਕਿਰਨ ਪਾਹਵਾ ਅਨੁਸਾਰ ਅੱਜ ਅਤੇ ਪਹਿਲਾਂ ਵਾਲੀ ਨਾਰੀ ਦੀ ਸਥਿਤੀ ’ਚ ਪਰਿਵਰਤਨ ਆਇਆ ਹੈ ਤੇ ਹੁਣ ਉਸ ਦੇ ਨਿਵੇਕਲੇਪਨ ਦੀ ਗੱਲ ਹੋ ਰਹੀ ਹੈ। ਉਨ੍ਹਾਂ ਅਨੁਸਾਰ ਔਰਤ ਨੂੰ ਚਾਹੀਦਾ ਉਹ ਆਪਣੀ ਅੰਦਰੂਨੀ ਸ਼ਕਤੀ ਨੂੰ ਪਛਾਣੇ ਤੇ ਕਿਰਦਾਰ ਨੂੰ ਬੁਲੰਦ ਕਰੇ ਫਿਰ ਉਸ ਉੱਪਰ ਹੁੰਦੀਆਂ ਟਿੱਪਣੀਆਂ ਦੀ ਧਾਰ ਆਪੇ ਖੁੰਢੀ ਹੋ ਜਾਵੇਗੀ। ਕਿਰਨ ਅਨੁਸਾਰ ਨਾਰੀ ਮੁਕਾਬਲਤਨ ਵਧੇਰੇ ਪਰਿਵਾਰਕ, ਸਮਾਜਕ ਤੇ ਇਮਾਨਦਾਰੀ ਦੀਆਂ ਕਦਰਾਂ-ਕੀਮਤਾਂ ਨਾਲ ਜੁੜੀ ਹੋਈ ਹੈ। ਸਿਮਰਨ ਅਕਸ ਨੇ ਨਾਰੀ ਕਾਵਿ ਦੇ ਪ੍ਰਸੰਗ ’ਚ ਨਾਰੀ ਸਥਿਤੀ ਦੀ ਗੱਲ ਕਰਦਿਆਂ ਕਿਹਾ ਕਿ ਪਹਿਲੇ ਸਮੇਂ ’ਚ ਨਾਰੀ ਲੇਖਿਕਾਵਾਂ ਦੀਆਂ ਰਚਨਾਵਾਂ ਵਿਚ ਵੀ ਸਾਨੂੰ ਬਗਾਵਤੀ ਸੁਰਾਂ ਮਿਲਦੀਆਂ ਹਨ ਤੇ ਅਜੋਕੇ ਸਮੇਂ ’ਚ ਰਚੇ ਜਾ ਰਹੇ ਨਾਰੀ-ਕਾਵਿ ’ਚ ਔਰਤ ਦੇ ਸਮਰਪਣ ਤੋਂ ਅਗਾਂਹ ਉਸ ਦੀ ਆਪਣੀ ਹੋਂਦ ਦੀ ਤਸਵੀਰ ਉਘੜ ਦੀ ਦਿਖਾਈ ਦਿੰਦੀ ਹੈ, ਜਿਸ ਨੂੰ ਅਸੀਂ ਉਸ ਦੀ ਸ਼ਖ਼ਸੀਅਤ ਦੇ ਪਾਸਾਰਾਂ ਦੇ ਰੂਪ ’ਚ ਦੇਖ ਸਕਦੇ ਹਾਂ। ਅਖੀਰ ’ਚ ਡਾ. ਰਵੇਲ ਸਿੰਘ ਨੇ ਇਸ ਚਰਚਾ ’ਚ ਸ਼ਾਮਲ ਸਾਰੇ ਵਕਤਿਆਂ ਦੀ ਪ੍ਰਸੰਸਾ ਕਰਦਿਆਂ ਕੌਮਾਂਤਰੀ ਸਾਹਿਤ ਦੇ ਹਵਾਲੇ ਨਾਲ ਨਾਰੀ ਦੀ ਸਥਿਤੀ ਨੂੰ ਕਿਸੇ ਦੂਜੇ ਦੀ ਥਾਂ ਆਪਣੇ ਲਈ ਕਾਇਮ ਹੋਣ ਦੀ ਗੱਲ ਕਹੀ ਤੇ ਨਾਲ ਉਨ੍ਹਾਂ ਪ੍ਰੋਗਰਾਮ ’ਚ ਹਾਜਰ ਵਕਤਿਆਂ ਤੇ ਸਰੋਤਿਆਂ ਦਾ ਵੀ ਧੰਨਵਾਦ ਕੀਤਾ।