ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਦਿੱਲੀ ਸਰਕਾਰ, ਦਿੱਲੀ ਨਗਰ ਨਿਗਮਾਂ ਤੇ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੂੰ ਜ਼ਮੀਨੀ ਮੁੱਦਿਆਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਅਤੇ ਫੰਡ ਜਾਰੀ ਕਰਨ ਲਈ ਕਿਹਾ ਗਿਆ ਹੈ। ਗਾਜ਼ੀਪੁਰ ਦੇ ਕੂੜੇ ਦੇ ਢੇਰ ਨੂੰ ਲੱਗੀ ਅੱਗ ਮਗਰੋਂ ਇਹ ਅਹਿਮ ਮੀਟਿੰਗ ਕੀਤੀ ਗਈ। ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਮਨੋਜ ਜੋਸ਼ੀ ਨੇ ਵੱਖ-ਵੱਖ ਮੰਤਰਾਲਿਆਂ, ਦਿੱਲੀ ਸਰਕਾਰ, ਨਗਰ ਨਿਗਮਾਂ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਕੂੜੇ ਦੇ ਤਿੰਨ ਢੇਰਾਂ ਓਖਲਾ, ਗਾਜ਼ੀਪੁਰ ਤੇ ਭਲਸਵਾ ਵਿੱਚ ਭਰੇ ਕੂੜੇ ਦਾ ਨਿਪਟਾਰਾ ਕਰਨ ਬਾਰੇ ਚਰਚਾ ਕੀਤੀ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ।
ਦਿੱਲੀ ਸਰਕਾਰ ਓਖਲਾ, ਗਾਜ਼ੀਪੁਰ ਤੇ ਭਲਸਵਾ ਤੋਂ ਕੂੜੇ ਦੀ ਢੋਆ-ਢੁਆਈ ਲਈ ‘ਗ੍ਰੀਨ ਸੈੱਸ ਫੰਡ’ ਦੀ ਵਰਤੋਂ ਕਰਨ ਦੇ ਵਿਕਲਪ ਦੀ ਖੋਜ ਕਰੇਗੀ। ਮਿਉਂਸਿਪਲ ਕਾਰਪੋਰੇਸ਼ਨਾਂ ਨੂੰ ਲਾਗਤਾਂ ਨੂੰ ਅਨੁਕੂਲ ਬਣਾਉਣ ਲਈ ਵਿਸ਼ਲੇਸ਼ਣ ਕਰਨ, ਮਿਉਂਸਿਪਲ ਕਾਰਪੋਰੇਸ਼ਨਾਂ ਨੂੰ ਰੋਜ਼ਾਨਾ ਪੈਦਾ ਹੋ ਰਹੇ ਕੂੜੇ ਨਾਲ ਨਜਿੱਠਣ ਲਈ ਪ੍ਰਸਤਾਵ ਤਿਆਰ ਕਰਨ ਤੇ ਦਿੱਲੀ ਸਰਕਾਰ ਦੀ ਮਨਜ਼ੂਰੀ ਨਾਲ ਮੰਤਰਾਲੇ ਨੂੰ ਪ੍ਰਸਤਾਵ ਭੇਜਣ ਲਈ ਕਿਹਾ ਗਿਆ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚੋਂ ਹਜ਼ਾਰਾਂ ਟਨ ਕੂੜਾ ਰੋਜ਼ਾਨਾ ਨਿਕਲਦਾ ਹੈ ਜੋ ਓਖਲਾ, ਗਾਜ਼ੀਪੁਰ ਤੇ ਭਲਸਵਾ ਵਾਲੀਆਂ ਕਚਰੇ ਦੀਆਂ ਥਾਵਾਂ ’ਚ ਸੁੱਟਿਆ ਜਾਂਦਾ ਹੈ ਤੇ ਗਰਮੀਆਂ ਵਿੱਚ ਇੱਥੋਂ ਨਿਕਲਦੀਆਂ ਗੈਸਾਂ ਨੂੰ ਅੱਗ ਲੱਗ ਜਾਂਦੀ ਹੈ।
ਇਨ੍ਹਾਂ ਕੂੜੇ ਵਾਲੀਆਂ ਥਾਵਾਂ ਉਪਰ ਟਰੋਮਲ ਮਸ਼ੀਨਾਂ ਲਾ ਕੇ ਕੂੜੇ ਨੂੰ ਪੀਹ ਕੇ ਭਰਤ ਪਾਉਣ ਦੇ ਕੰਮ ਲਿਆਉਣ ਲਈ ਰੋਜ਼ਾਨਾ ਕਈ ਟਨ ਕੂੜਾ ਟਿਕਾਣੇ ਲਾਇਆ ਜਾਂਦਾ ਹੈ ਪਰ ਫਿਰ ਵੀ ਢੇਰ ਅਜੇ ਖਤਮ ਨਹੀਂ ਹੋ ਰਹੇ।
ਕੂੜੇ ਦੇ ਢੇਰਾਂ ਨੂੰ ਲੈ ਕੇ ਰਾਜਨੀਤੀ ਵੀ ਜਾਰੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਗਾਜ਼ੀਪੁਰ ਵਾਲੀ ਥਾਂ ਨੂੰ ‘ਕੂੜੇ ਦੇ ਪਹਾੜ’ ਵਿੱਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਭਾਜਪਾ ਦੀ ਸੱਤਾ ਵਾਲੇ ਦਿੱਲੀ ਦੇ ਤਿੰਨੋਂ ਨਗਰ ਨਿਗਮਾਂ ਵਿੱਚ ਫੈਲਿਆ ਕਥਿਤ ਭ੍ਰਿਸ਼ਟਾਚਾਰ ਹੈ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ਜੇਕਰ ਨਵੇਂ ਕੂੜਾ ਡੰਪਿੰਗ ਸਥਾਨ ਨਹੀਂ ਬਣਾਏ ਜਾਣਗੇ ਤਾਂ ਦਿੱਲੀ ਦੇ ਕੂੜੇ ਦਾ ਨਿਪਟਾਰਾ ਕਿਵੇਂ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਸਤ ਸ਼ਹਿਰਾਂ ਸਿੰਗਾਪੁਰ, ਨਿਊਯਾਰਕ, ਲੰਡਨ, ਪੇਰਿਸ ਤੇ ਸਿਡਨੀ ਵਿੱਚ ਵੀ ਇੱਕ ਜਾਂ ਇੱਕ ਤੋਂ ਵੱਧ ਕੂੜਾ ਸਥਾਨ ਬਣੇ ਹੋਏ ਹਨ।