ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੂਨ
ਦਿੱਲੀ ਸਰਕਾਰ ਦੇ ਤਿੰਨ ਅਧਿਕਾਰੀਆਂ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਨੇ ਸਰਕਾਰੀ ਜ਼ਮੀਨ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਲਈ ਮੁਅੱਤਲ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਕਿਹਾ ਕਿ ਉਪ ਰਾਜਪਾਲ ਨੇ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਇੱਕ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਵੀ ਕੀਤੀ ਹੈ। ਸਕਸੈਨਾ ਨੇ 21 ਜੂਨ ਨੂੰ ਮੁੱਖ ਮੰਤਰੀ ਦਫ਼ਤਰ ਦੇ ਤਿੰਨ ਅਧਿਕਾਰੀਆਂ, ਦੋ ਉਪ ਮੰਡਲ ਮੈਜਿਸਟਰੇਟ (ਐੱਸਡੀਐੱਮ) ਅਤੇ ਇੱਕ ਡਿਪਟੀ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਇਹ ਸਾਰੇ ਵੱਖ-ਵੱਖ ਸਮੇਂ ’ਤੇ ਐੱਸਡੀਐੱਮ ਅਲੀਪੁਰ ਦੇ ਤੌਰ ‘ਤੇ ਤਾਇਨਾਤ ਸਨ ਤੇ ਕਥਿਤ ਤੌਰ ’ਤੇ ਭਾਰਤ ਸਰਕਾਰ ਕੋਲ ਜ਼ਮੀਨ ਦੀ ਮਾਲਕੀ ਨਿੱਜੀ ਸੰਸਥਾਵਾਂ ਨੂੰ ਦੇਣ ਦੇ ਆਦੇਸ਼ ਪਾਸ ਕੀਤੇ ਸਨ। ਇੱਕ ਅਧਿਕਾਰਤ ਸੂਤਰ ਨੇ ਕਿਹਾ ਕਿ ਚਾਰਾਂ ਅਧਿਕਾਰੀਆਂ ਨੇ ਸਰਕਾਰੀ ਜ਼ਮੀਨ ਦੇ ਪਾਰਸਲਾਂ ਦੇ ਭੂਮੀਦਾਰ ਅਧਿਕਾਰ ਨਿੱਜੀ ਸੰਸਥਾਵਾਂ ਨੂੰ ਦਿੱਤੇ ਸਨ ਜੋ ਘੁਟਾਲੇ ਵਿੱਚ ਸ਼ਾਮਲ ਸਨ। ਮੁਅੱਤਲ ਕੀਤੇ ਗਏ ਅਧਿਕਾਰੀ ਹਰਸ਼ਿਤ ਜੈਨ, ਪ੍ਰਕਾਸ਼ ਚੰਦ ਠਾਕੁਰ ਅਤੇ ਦੇਵੇਂਦਰ ਸ਼ਰਮਾ ਦਿੱਲੀ, ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼ ਸਿਵਲ ਸਰਵਿਸ ਦੇ ਅਧਿਕਾਰੀ ਸਨ। ਜੈਨ ਅਤੇ ਸ਼ਰਮਾ ਐੱਸਡੀਐੱਮ ਸਨ ਜਦੋਂਕਿ ਠਾਕੁਰ ਇਸ ਸਮੇਂ ਮੁੱਖ ਮੰਤਰੀ ਦਫ਼ਤਰ ਵਿੱਚ ਉਪ ਸਕੱਤਰ ਵਜੋਂ ਤਾਇਨਾਤ ਸਨ। ਵਸੰਤ ਵਿਹਾਰ ਦੇ ਐੱਸਡੀਐੱਮ ਹਰਸ਼ਿਤ ਜੈਨ ਅਤੇ ਵਿਵੇਕ ਵਿਹਾਰ ਦੇ ਐੱਸਡੀਐੱਮ ਦੇਵੇਂਦਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਚੌਥੇ ਅਧਿਕਾਰੀ ਨਾਗੇਂਦਰ ਸ਼ੇਖਰ ਪਤੀ ਤ੍ਰਿਪਾਠੀ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ।