ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਸਤੰਬਰ
ਦਿੱਲੀ ਨਗਰ ਨਿਗਮ (ਐਮਸੀਡੀ) ਦੇ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਇਸ ਸਾਲ ਹੁਣ ਤੱਕ ਡੇਂਗੂ ਦੇ 396 ਮਾਮਲੇ ਸਾਹਮਣੇ ਆਏ ਹਨ। 17 ਸਤੰਬਰ ਤੱਕ ਇਸ ਮਹੀਨੇ ਵਿੱਚ ਹੀ ਡੇਂਗੂ ਦੇ ਕੁੱਲ 152 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਪੂਰੇ ਅਗਸਤ ਮਹੀਨੇ ਵਿੱਚ ਡੇਂਗੂ ਦੇ 75 ਮਾਮਲੇ ਸਾਹਮਣੇ ਆਏ ਸਨ। ਇਹ 2017 ਤੋਂ ਬਾਅਦ 1 ਜਨਵਰੀ ਤੋਂ 17 ਸਤੰਬਰ ਦੀ ਮਿਆਦ ਦੇ ਦੌਰਾਨ ਦਰਜ ਕੀਤੇ ਗਏ ਡੇਂਗੂ ਦੇ ਸਭ ਤੋਂ ਵੱਧ ਕੇਸ ਹਨ। ਦੂਜੇ ਪਾਸੇ ਇਸ ਸਾਲ ਇਸ ਬਿਮਾਰੀ ਕਾਰਨ ਹੁਣ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਇਸ ਤੋਂ ਇਲਾਵਾ ਮਲੇਰੀਆ ਦੇ 92 ਅਤੇ ਚਿਕਨਗੁਨੀਆ ਦੇ 17 ਮਾਮਲੇ ਸਾਹਮਣੇ ਆਏ ਹਨ। ਐਮਸੀਡੀ ਦੀਆਂ ਰਿਪੋਰਟਾਂ ਮੁਤਾਬਕ ਸਤੰਬਰ ਮਹੀਨੇ ਵਿੱਚ ਮਲੇਰੀਆ ਦੇ 43 ਤੇ ਚਿਕਨਗੁਨੀਆ ਦੇ 3 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਜੂਨ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਡੇਂਗੂ ਦੇ 32 ਮਾਮਲੇ ਸਾਹਮਣੇ ਆਏ ਸਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਸਾਲ 1 ਜਨਵਰੀ ਤੋਂ 25 ਜੂਨ ਤੱਕ ਦਿੱਲੀ ਵਿੱਚ ਡੇਂਗੂ ਦੇ 134 ਮਾਮਲੇ ਸਾਹਮਣੇ ਆਏ ਹਨ। ਇਸ ਸਾਲ ਸਤੰਬਰ ‘ਚ ਲਗਾਤਾਰ ਮੀਂਹ ਪੈਣ ਨਾਲ ਰਾਸ਼ਟਰੀ ਰਾਜਧਾਨੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਡੇਂਗੂ ਦੇ ਮਾਮਲਿਆਂ ‘ਚ ਵਾਧਾ ਹੋ ਸਕਦਾ ਹੈ। ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਦਿੱਲੀ ਡੇਂਗੂ ਦੀ ਵੱਡੀ ਲਹਿਰ ਦਾ ਸਾਹਮਣਾ ਕਰਨ ਦੀ ਕਗਾਰ ‘ਤੇ ਹੋ ਸਕਦੀ ਹੈ ਤੇ ਅਗਲੇ ਕੁਝ ਹਫ਼ਤੇ ਬਹੁਤ ਮਹੱਤਵਪੂਰਨ ਹਨ ਕਿਉਂਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰਨ ਨਾਲ ਮੱਛਰਾਂ ਦੇ ਪੈਦਾ ਹੋਣ ਦੇ ਖਦਸ਼ੇ ਹਨ। ਇਸ ਲਈ ਅਗਲੇ ਦੋ ਹਫ਼ਤਿਆਂ ਵਿੱਚ ਡੇਂਗੂ ਦੇ ਮਾਮਲੇ ਹੋਰ ਵੱਧ ਸਕਦੇ ਹਨ।