ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਦਿੱਲੀ ਹਾਈ ਕੋਰਟ ਵਿੱਚ ਦਿੱਲੀ ਸਰਕਾਰ ਨੂੰ ਪਤੰਗ ਉਡਾਉਣ, ਬਣਾਉਣ, ਵੇਚਣ-ਖਰੀਦਣ, ਸਟੋਰ ਕਰਨ ਅਤੇ ਢੋਆ-ਢੁਆਈ ‘ਤੇ ਪਾਬੰਦੀ ਲਗਾਉਣ ਦੇ ਹੁਕਮ ਦੇਣ ਦੀ ਮੰਗ ਸਬੰਧੀ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਕਿ ਪਤੰਗਬਾਜ਼ੀ ਕਰਕੇ ਵਾਪਰੇ ਹਾਦਸਿਆਂ ਕਾਰਨ ਕਈ ਵਿਅਕਤੀ ਤੇ ਪੰਛੀ ਮਾਰੇ ਤੇ ਜ਼ਖਮੀ ਹੋ ਚੁੱਕੇ ਹਨ ਅਤੇ ਅਜਿਹੇ ਹਾਦਸੇ ਲਗਾਤਾਰ ਵਾਪਰ ਰਹੇ ਹਨ। ਪਤੰਗਬਾਜ਼ੀ ਕਾਰਨ ਦਿੱਲੀ ਵਿੱਚ ਮਨੁੱਖਾਂ ਅਤੇ ਪੰਛੀਆਂ ਦੀ ਜਾਨ ਨੂੰ ਖ਼ਤਰਾ ਹੈ। ਇਸ ਲਈ ਪਤੰਗਾਂ ’ਤੇ ਪਾਬੰਦੀ ਕਾਰਨ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਵਕੀਲ ਸੰਸਾਰ ਪਾਲ ਸਿੰਘ ਅਨੁਸਾਰ ਹਰ ਵਾਰ ਪਤੰਗ ਉਡਾਉਣ ਵਾਲਿਆਂ ਵਿਚਕਾਰ ਕੋਈ ਨਾ ਕੋਈ ਮੁਕਾਬਲਾ ਹੁੰਦਾ ਹੈ, ਜੋ ਕਦੇ ਨਾ ਖ਼ਤਮ ਹੋਣ ਵਾਲਾ ਹੁੰਦਾ ਹੈ, ਜਿਸ ਵਿਚ ਹਰ ਮੌਕੇ ‘ਤੇ ਪਤੰਗ ਉਡਾਉਣ ਵਾਲੇ ਦੂਜੇ ਪਤੰਗ ਉਡਾਉਣ ਵਾਲਿਆਂ ਨੂੰ ਪ੍ਰਤੀਯੋਗੀ ਦੀ ਪਤੰਗ ਕੱਟ ਕੇ ਉਸ ਨੂੰ ਮੁਕਾਬਲੇ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਰੇਕ ਪਤੰਗ ਉਡਾਉਣ ਵਾਲਾ ਵਿਰੋਧੀ ਨਾਲੋਂ ਬਿਹਤਰ ਅਤੇ ਵਧੇਰੇ ਸ਼ਕਤੀਸ਼ਾਲੀ ਧਾਗੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਲਈ ਹਰ ਪਤੰਗ ਉਡਾਉਣ ਵਾਲਾ ਸ਼ੀਸ਼ੇ ਦੀ ਕੋਟੇਡ ‘ਚੀਨੀ ਡੋਰ’ ਦੀ ਵਰਤੋਂ ਕਰਦਾ ਹੈ, ਜੋ ਕਾਫ਼ੀ ਖਤਰਨਾਕ ਹੈ। ਇਸ ਕਾਰਨ ਮਨੁੱਖਾਂ ਦੀ ਜਾਨ ਨੂੰ ਖ਼ਤਰਾ ਹੈ।