ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਦਸੰਬਰ
ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਭਾਜਪਾ ਦੇ ਮੀਡੀਆ ਮੁਖੀ ਨਵੀਨ ਕੁਮਾਰ ਨੇ ਨਵੀਂ ਦਿੱਲੀ ਨਗਰ ਕੌਂਸਲ (ਐਨਡੀਐਮਸੀ) ਨੂੰ ਅਕਬਰ ਰੋਡ ਦਾ ਨਾਂ ਬਦਲਣ ਦੀ ਬੇਨਤੀ ਕੀਤੀ ਹੈ। ਕੁਮਾਰ ਨੇ ਇਸ ਮਾਮਲੇ ‘ਤੇ ਇਕ ਪੱਤਰ ਲਿਖਿਆ ਹੈ ਜਿਸ ਦੇ ਜਵਾਬ ਵਿੱਚ ਸਤੀਸ਼ ਉਪਾਧਿਆਏ ਨੇ ਕਿਹਾ ਕਿ ਉਹ ਮਰਹੂਮ ਸੀਡੀਐੱਸ ਦੇ ਨਾਂ ‘ਤੇ ਸੜਕ ਦਾ ਨਾਮ ਰੱਖਣ ਲਈ ਬਹੁਤ ਉਤਸ਼ਾਹਿਤ ਹਨ। ਐੱਨਡੀਐੱਮਸੀ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਕੁਮਾਰ ਨੇ ਪਿਛਲੇ ਹਫ਼ਤੇ ਲੁਟੀਅਨਜ਼ ਦਿੱਲੀ ਵਿੱਚ ਅਕਬਰ ਰੋਡ ਦਾ ਨਾਂ ਜਨਰਲ ਬਿਪਿਨ ਰਾਵਤ ਰੋਡ ਰੱਖਣ ਦੀ ਅਪੀਲ ਕੀਤੀ ਸੀ। ਹਿੰਦੀ ਵਿੱਚ ਲਿਖੇ ਆਪਣੇ ਪੱਤਰ ਵਿੱਚ ਉਨ੍ਹਾਂ ਕਿਹਾ, ‘ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਕਬਰ ਰੋਡ ਦਾ ਨਾਮ ਜਨਰਲ ਬਿਪਿਨ ਰਾਵਤ ਦੇ ਨਾਮ ‘ਤੇ ਰੱਖ ਕੇ, ਦੇਸ਼ ਦੇ ਪਹਿਲੇ ਸੀਡੀਐੱਸ ਬਿਪਿਨ ਰਾਵਤ ਦੀ ਸਥਾਈ ਯਾਦ ਨੂੰ ਜੋੜਿਆ ਜਾਵੇ ਜੋ ਕਿ ਕੌਂਸਲ ਦੁਆਰਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।’ ਜ਼ਿਕਰਯੋਗ ਹੈ ਕਿ ਐੱਨਡੀਐੱਮਸੀ ਨੂੰ ਜਨਰਲ ਰਾਵਤ ਦੀ ਯਾਦ ਵਿੱਚ ਇੱਕ ਸੜਕ ਦਾ ਨਾਂ ਉਨ੍ਹਾਂ ਦੇ ਨਾਮ ’ਤੇ ਰੱਖਣ ਲਈ ਪਿਛਲੇ ਕੁਝ ਦਿਨਾਂ ਵਿੱਚ ਕਈ ਬੇਨਤੀਆਂ ਪ੍ਰਾਪਤ ਹੋਈਆਂ ਹਨ। ਦਿੱਲੀ ਦਾ ਅਕਬਰ ਰੋਡ ਇੰਡੀਆ ਗੇਟ ਸਰਕਲ ਤੋਂ ਤੀਨ ਮੂਰਤੀ ਚੌਕ ਨਾਲ ਜੁੜਦਾ ਹੈ। ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਸਮੇਤ ਕਈ ਥਾਵਾਂ ਇਸ ਸੜਕ ਦੇ ਨਾਲ ਹੀ ਸਥਿਤ ਹਨ। ਇਸ ਤੋਂ ਪਹਿਲਾਂ ਵੀ ਅਕਬਰ ਰੋਡ ਦਾ ਨਾਂ ਬਦਲਣ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਅਕਤੂਬਰ ਵਿੱਚ ਇੱਕ ਸੰਗਠਨ ਦੇ ਮੈਂਬਰਾਂ ਨੇ ਇੱਕ ਸਾਈਨ ਬੋਰਡ ਉੱਤੇ ‘ਸਮਰਾਟ ਹੇਮੂ ਵਿਕਰਮਾਦਿੱਤਿਆ ਮਾਰਗ’ ਲਿਖ ਦਿੱਤਾ ਸੀ।