ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਕਤੂਬਰ
ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਗਿਆਰਾਂ ਮਹੀਨਿਆਂ ਤੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਚੱਲ ਰਹੇ ਪੱਕੇ ਮੋਰਚੇ ਦੀ ਸਟੇਜ ਤੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਕੇਂਦਰ ਦੀ ਭਾਜਪਾ ਹਕੂਮਤ ਦੇ ਇਸ਼ਾਰੇ ’ਤੇ ਵੱਖ-ਵੱਖ ਬਾਰਡਰਾਂ ’ਤੇ ਜਿੱਥੇ-ਜਿੱਥੇ ਵੀ ਕਿਸਾਨ ਮੋਰਚੇ ਲਾਈ ਬੈਠੇ ਹਨ ਉੱਥੇ ਨਾਕੇਬੰਦੀ ਕਰ ਕੇ ਵੱਡੇ ਵੱਡੇ ਬੈਰੀਗੇਟ ਅਤੇ ਪੱਥਰ ਦੀਆਂ ਕੰਧਾਂ ਕੱਢ ਕੇ ਸੜਕ ’ਤੇ ਕਿੱਲ ਗੱਡ ਕੇ ਘੇਰਾਬੰਦੀ ਕੀਤੀ ਹੋਈ ਸੀ, ਤਾਂ ਕਿ ਕਿਸਾਨ ਦਿੱਲੀ ਵਿੱਚ ਜਾ ਕੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀਆਂ ਹੱਕੀ ਮੰਗਾਂ ਬਾਰੇ ਆਪਣੀ ਗੱਲ ਨਾ ਸੁਣਾ ਸਕਣ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਇਸ ਤਰ੍ਹਾਂ ਕੌਮੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ ਗਿਆ ਜਿਵੇਂ ਇਹ ਕਿਸਾਨ ਦੇਸ਼ ਦੇ ਨਾਗਰਿਕ ਹੀ ਨਾ ਹੋਣ। ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਫੈਕਟਰੀਆਂ ਦੇ ਮਾਲਕਾਂ ਨੇ ਸੁਪਰੀਮ ਕੋਰਟ ਵਿੱਚ ਰਿੱਟ ਪਾ ਕੇ ਮੰਗ ਕੀਤੀ ਸੀ ਕਿ ਦਿੱਲੀ ਨੂੰ ਆਉਣ – ਜਾਣ ਵਾਲੀਆਂ ਸੜਕਾਂ ਤੋਂ ਰੋਕਾਂ ਹਟਾਈਆਂ ਜਾਣ। ਲੌਂਗੋਵਾਲ ਨੇ ਕਿਹਾ ਕਿ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਹਾਲਾਂਕਿ ਇਹ ਰੋਕਾਂ ਦਿੱਲੀ ਪੁਲੀਸ ਨੇ ਲਾਈਆ ਹੋਈਆ ਸਨ। ਪਿਛਲੇ ਦਿਨਾਂ ਵਿੱਚ ਸੁਪਰੀਮ ਕੋਰਟ ਨੇ ਇਸ ’ਤੇ ਅਮਲ ਕਰਦਿਆਂ ਦਿੱਲੀ ਪੁਲੀਸ ਨੂੰ ਨਾਕੇਬੰਦੀ ਖੋਲ੍ਹਣ ਦੀਆਂ ਹਦਾਇਤਾਂ ਕੀਤੀਆਂ ਤੇ ਬੈਰੀਕੇਡਿੰਗ ਖੋਲ੍ਹੀ ਜਾ ਰਹੀ ਹੈ ਜਿਸ ਨਾਲ ਕੇਂਦਰ ਦੀ ਭਾਜਪਾ ਹਕੂਮਤ ਨੂੰ ਥੁੱਕ ਕੇ ਚੱਟਣਾ ਪੈ ਰਿਹਾ ਹੈ। ਮੋਗਾ ਜ਼ਿਲ੍ਹੇ ਤੋਂ ਔਰਤ ਆਗੂ ਕੁਲਦੀਪ ਕੌਰ ਕੁੱਸਾ ਨੇ ਕਿਹਾ ਇਤਿਹਾਸ ਹਵਾਹ ਹੈ ਕਿ ਸਰਕਾਰਾਂ ਦੇ ਖ਼ਿਲਾਫ ਸ਼ੰਘਰਸ਼ ਕਰਕੇ ਬਹੁਤ ਸਾਰੀਆਂ ਹੱਕੀ ਮੰਗਾਂ ਜਾਬਰ ਹਕੂਮਤਾਂ ਤੋਂ ਮਨਵਾਈਆਂ ਹਨ। ਹੁਣ ਲੋਕਾਂ ਨੂੰ ਆਪਣੀ ਜਥੇਬੰਦਕ ਤਾਕਤ ਤੇ ਭਰੋਸਾ ਵੱਧ ਰਿਹਾ ਹੈ ਇਸ ਕਰਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਰਤੀ ਲੋਕ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ ।