ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੂਨ
ਇਥੇ ਦਿੱਲੀ ਦੇ ਹੋਟਲਾਂ ਦੇ ਦਰਵਾਜ਼ੇ ਚੀਨ ਤੋਂ ਆਏ ਮਹਿਮਾਨਾਂ ਲਈ ਬੰਦ ਕਰ ਦਿੱਤੇ ਗਏ ਹਨ। ਇਹ ਫ਼ੈਸਲਾ ਦਿੱਲੀ ਹੋਟਲਸ ਐਂਡ ਰੈਸਟੋਰੈਂਟਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਤੇ ਇਸ ਫ਼ੈਸਲੇ ਪਿੱਛੇ ਕਾਰਨ ਚੀਨ ਵੱਲੋਂ ਲਦਾਖ਼ ਵਿੱਚ ਭਾਰਤੀ ਫ਼ੌਜਾਂ ਉਪਰ ਕੀਤੇ ਗਏ ਹਮਲੇ ਦੇ ਵਿਰੋਧ ਦਰਸਾਉਣਾ ਹੈ। ਦਿੱਲੀ ਹੋਟਲਸ ਐਂਡ ਰੈਸਟੋਰੈਂਟਸ ਐਸੋਸੀਏਸ਼ਨ ਵੱਲੋਂ ਇਸ ਬਾਬਤ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈੱਟ) ਨੂੰ ਪੱਤਰ ਲਿਖ ਕੇ ਜਾਣਕਾਰੀ ਦੇ ਦਿੱਤੀ ਗਈ ਹੈ। ਕੈੱਟ ਵੱਲੋਂ ਚੀਨ ਦੀਆਂ ਬਣੀਆਂ ਵਸਤਾਂ ਦਾ ਬਾਈਕਾਟ ਕਰਨ ਲਈ ਦੇਸ਼ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਹੋਇਆ ਹੈ। ਉਪਰੋਕਤ ਐਸੋਸੀਏਸ਼ਨ ਵੀ ਕੈੱਟ ਨਾਲ ਜੁੜੀ ਹੋਣ ਕਰਕੇ ਚੀਨ ਦੇ ਨਾਗਰਿਕਾਂ ਲਈ ਹੋਟਲਾਂ ਵਿੱਚ ਕਮਰੇ ਨਹੀਂ ਦਿੱਤੇ ਜਾਣਗੇ। ਐਸੋਸੀਏਸ਼ਨ ਨੇ ਚੀਨੀ ਮਾਲ ਦੇ ਵਿਰੁੱਧ ਮੁਹਿੰਮ ਦਾ ਸਮਰਥਨ ਕੀਤਾ ਹੈ। ਪੱਤਰ ਵਿੱਚ ਲਿਖਿਆ ਗਿਆ ਕਿ ਐਸੋਸੀਏਸ਼ਨ ਪੂਰੇ ਦਿਲ ਨਾਲ ਕੈੱਟ ਦੀ ਮੁਹਿੰਮ ਦਾ ਸਮਰਥਨ ਕਰਦੀ ਹੈ ਤੇ ਇਸ ਤਰ੍ਹਾਂ ਹੋਟਲ ਵੀ ਚੀਨ ਦੇ ਸਾਮਾਨ ਦਾ ਬਾਈਕਾਟ ਕਰਨਗੇ। ਹੋਟਲਾਂ ਤੇ ਰੈਸਤਰਾਂ ਵਿੱੱਚ ਕੋਈ ਵੀ ਸਾਮਾਨ ਜੋ ਚੀਨ ਦਾ ਬਣਿਆ ਹੋਵੇਗਾ ਇਸਤੇਮਾਲ ਨਹੀਂ ਹੋਵੇਗਾ ਨਾਲ ਹੀ ਇਹ ਵੀ ਦੱਸਿਆ ਕਿ ਭਾਰਤੀ ਫ਼ੌਜੀਆਂ ਉਪਰ ਜਾਨਲੇਵਾ ਹਮਲਾ ਕਰਨ ਵਾਲੇ ਦੇਸ਼ ਚੀਨ ਦੇ ਲੋਕਾਂ ਲਈ ਅਜਿਹੇ ਮਾਹੌਲ ਵਿੱਚ ਹੋਟਲਾਂ ਵਿੱਚ ਕਮਰੇ ਵੀ ਨਹੀਂ ਦਿੱਤੇ ਜਾਣਗੇ।