ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਗਲਤ ਨੀਤੀਆਂ ਕਾਰਨ ਪਿਛਲੇ ਸੱਤ ਸਾਲਾਂ ਵਿੱਚ ਸੂਬਾ ਜੀਡੀਪੀ ਮੁਤਾਬਕ ਮਾਲੀਆ ਸਰਪਲੱਸ ਹੋਣ ਦੀ ਬਜਾਏ ਘਾਟੇ ਵਿੱਚ ਚਲਾ ਗਿਆ ਹੈ, ਜਦੋਂ ਕਿ ਮੁੱਖ ਮੰਤਰੀ ਕੇਜਰੀਵਾਲ ਝੂਠ ਬੋਲ ਰਹੇ ਹਨ। ਉਹ ਇਹ ਭਰਮ ਫੈਲਾਅ ਰਹੇ ਹਨ ਕਿ ਦਿੱਲੀ ਸਰਕਾਰ ਨੇ ਸੱਤ ਸਾਲਾਂ ਵਿੱਚ ਇਕ ਰੁਪਏ ਦਾ ਵੀ ਕਰਜ਼ਾ ਨਹੀਂ ਲਿਆ ਜਦਕਿ ਅਸਲੀਅਤ ਇਹ ਹੈ ਕਿ ਸਾਲ 2022 ਤੱਕ ਦਿੱਲੀ ਦਾ ਕਰਜ਼ਾ 38,155 ਕਰੋੜ ਰੁਪਏ ਵਧ ਗਿਆ ਹੈ ਜਿਸ ਕਰ ਕੇ ਦਿੱਲੀ ਸਾਲ 2021-22 ਵਿੱਚ ਮਾਲੀਆ ਘਾਟੇ ਵਾਲਾ ਰਾਜ ਬਣ ਗਿਆ ਹੈ।
ਸ੍ਰੀ ਕੁਮਾਰ ਨੇ ਕਿਹਾ ਕਿ ਬਿਹਤਰ ਸਿੱਖਿਆ ਮਾਡਲ ਦੀ ਸ਼ੇਖੀ ਮਾਰਨ ਵਾਲਾ ਕੇਜਰੀਵਾਲ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਦਿੱਲੀ ਨੇੜੇ ਸਰਪਲੱਸ ਬਜਟ ਦਾ ਝੂਠ ਬੋਲ ਕੇ ਦਿੱਲੀ ਵਾਸੀਆਂ ਨੂੰ ਗੁੰਮਰਾਹ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਸਿੱਖਿਆ ਮਾਡਲ ਦੀ ਮਿਸਾਲ, ਦਿੱਲੀ ਯੂਨੀਵਰਸਿਟੀ ਦਾ ਦੀਨ ਦਿਆਲ ਕਾਲਜ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਇੱਥੇ ਜੁਲਾਈ ਮਹੀਨੇ ਦੀ ਤਨਖਾਹ ਵਿੱਚ ਕਟੌਤੀ ਕਰ ਕੇ ਪ੍ਰਿੰਸੀਪਲ ਨੇ ਲਿਖਤੀ ਹਦਾਇਤ ਕੀਤੀ ਹੈ ਕਿ ਐਸੋਸੀਏਟ ਪ੍ਰੋਫੈਸਰ/ਪ੍ਰੋਸੈਸਰ ਦੀ ਕੁੱਲ ਤਨਖਾਹ ਵਿੱਚ 30,000 ਅਤੇ 50,000 ਰੁਪਏ ਦੀ ਕਟੌਤੀ ਹੋਣੀ ਚਾਹੀਦੀ ਹੈ। ਮੈਨੇਜਮੈਂਟ ਕਮੇਟੀ ਕੋਲ ਕੁਝ ਹੀ ਫੰਡ ਬਚਿਆ ਹੈ, ਜਦਕਿ ਤਨਖਾਹ ਸਮੇਤ ਹੋਰ ਮਾਮਲਿਆਂ ਦੀ ਵਿੱਤੀ ਪੂਰਤੀ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕਿਹੋ ਜਿਹਾ ਸਿੱਖਿਆ ਮਾਡਲ ਹੈ ਜਿੱਥੇ ਸਕੂਲਾਂ ਦੀ ਤਸਵੀਰ ਦਿਖਾ ਕੇ ਸਿੱਖਿਆ ਮਾਡਲ ਦੀ ਗੱਲ ਕਰ ਰਹੇ ਹਨ ਅਤੇ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਤਨਖਾਹਾਂ ਵੀ ਨਹੀਂ ਦੇ ਰਹੇ।