ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋਨਾ ਕਾਲ ਵਿੱਚ ਆਰਥਿਕ ਸੰਕਟ ਵਿੱਚ ਘਿਰੇ ਸਿੱਖ ਪਰਿਵਾਰਾਂ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਰੋਨਾ ਕਾਲ ਵਿਚ ਜਿਹੜੇ ਰਾਗੀ, ਢਾਡੀ, ਕੀਰਤਨੀਏ ਜਾਂ ਗ੍ਰੰਥੀ ਸਿੰਘਾਂ ਨੇ ਆਪਣਾ ਰੁਜ਼ਗਾਰ ਗੁਆਇਆ ਹੈ, ਸਿੰਘ ਸਭਾਵਾਂ ਦੀ ਸਿਫਾਰਸ਼ ’ਤੇ ਉਨ੍ਹਾਂ ਦੀ ਲੋੜ ਅਨੁਸਾਰ ਆਰਥਿਕ ਮਦਦ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਲੰਗਰ ਲਈ ਰਸਦ ਵੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਹੜੇ ਸਿੱਖ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਕਰੋਨਾ ਕਾਲ ਵਿਚ ਉੱਠ ਗਿਆ ਹੈ, ਉਨ੍ਹਾਂ ਬੱਚਿਆਂ ਨੂੰ ਕਮੇਟੀ ਦੇ ਸਕੂਲਾਂ ਵਿੱਚ 12ਵੀਂ ਤੱਕ ਮੁਫ਼ਤ ਵਿੱਦਿਆ ਦਿੱਤੀ ਜਾਵੇਗੀ। ਅਜਿਹੇ ਬੱਚੇ ਜੇਕਰ ਦੂਜੇ ਸਕੂਲਾਂ ਤੋਂ ਕਮੇਟੀ ਦੇ ਸਕੂਲਾਂ ਵਿਚ ਸ਼ਿਫਟ ਹੋਣਗੇ ਤਾਂ ਉਨ੍ਹਾਂ ਨੂੰ ਵੀ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਾਲਜਾਂ ਵਿੱਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਦੀ ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਮੇਟੀ ਦੇ ਕਾਲਜਾਂ ਵਿੱਚ ਮੁਫ਼ਤ ਵਿਦਿਆ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਇਨ੍ਹਾਂ ਦੀ ਫੀਸ ਕਮੇਟੀ ਭਰੇਗੀ।
ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਦੱਸਿਆ ਕਿ ਕਰੋਨਾ ਨਾਲ ਜਿਹੜੇ ਜ਼ਰੂਰਤਮੰਦ ਸਿੱਖ ਪਰਿਵਾਰਾਂ ਦੇ ਮੁਖੀਆ ਦਾ ਅਕਾਲ ਚਲਾਣਾ ਕਰ ਗਏ ਹਨ, ਉਨ੍ਹਾਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰੋਨਾ ਨਾਲ ਜਿਹੜੀਆਂ ਸਿੱਖ ਧੀਆਂ ਦੇ ਪਿਤਾ ਦੀ ਮੌਤ ਹੋਈ ਹੈ, ਉਨ੍ਹਾਂ ਧੀਆਂ ਦੇ ਵਿਆਹ ਵੇਲੇ ਕਮੇਟੀ ਵੱਲੋਂ 21 ਹਜ਼ਾਰ ਰੁਪਏ ਸ਼ਗਨ ਦਿੱਤਾ ਜਾਵੇਗਾ ਤੇ ਗੁਰਦੁਆਰਾ ਸਾਹਿਬ ਵਿੱਚ ਇਨ੍ਹਾਂ ਦੇ ਆਨੰਦ ਕਾਰਜ ਦਾ ਪ੍ਰਬੰਧ ਵੀ ਕਮੇਟੀ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਰਾਗੀ, ਢਾਡੀ, ਕੀਰਤਨੀਏ ਤੇ ਗ੍ਰੰਥੀਹੀ ਬੇਰੁਜ਼ਗਾਰ ਹੋ ਕੇ ਰੁਲ ਗਏ ਤਾਂ ਸਾਡੀਆਂ ਜਾਂ ਹੋਰ ਗੁਰਦੁਆਰਾ ਕਮੇਟੀਆਂ ਜਾਂ ਸਿੰਘ ਸਭਾਵਾਂ ਦੀਆਂ ਸੇਵਾਵਾਂ ਕਦੇ ਵੀ ਪ੍ਰਵਾਨ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕਿਸੇ ਵੀ ਸਿੱਖ ਪਰਿਵਾਰ ਦਾ ਬੱਚਾ ਵਿਦਿਆ ਤੋਂ ਵਾਂਝਾ ਨਾ ਰਹੇ, ਕੋਈ ਧੀ ਵਿਆਹੁਣ ਤੋਂ ਨਾ ਰਹਿ ਜਾਵੇ ਤੇ ਕੋਈ ਵੀ ਰਾਗੀ, ਢਾਡੀ, ਕੀਰਤਨੀਆ ਜਾਂ ਗ੍ਰੰਥੀ ਆਰਥਿਕ ਸੰਕਟ ਨਾਲ ਨਾ ਜੂਝੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਕਮੇਟੀ ਵੱਲੋਂ ਜਿਹੜਾ 125 ਬੈੱਡਾਂ ਦਾ ਹਸਪਤਾਲ ਤਿਆਰ ਕੀਤਾਜਾ ਰਿਹਾ ਹੈ, ਸਿੰਘ ਸਭਾਵਾਂ ਵੱਲੋਂ ਮਰੀਜ਼ ਦੀ ਸਿਫਾਰਸ਼ ਕਰਨ ’ਤੇ ਉਸ ਨੂੰ ਇਲਾਜ ਵਾਸਤੇ 50 ਫੀਸਦ ਰਿਆਇਤ ਦਿੱਤੀ ਜਾਵੇਗੀ ਤੇ ਅਜਿਹੇ ਮਰੀਜ਼ ਦੇ ਐੱਮਆਰਆਈ ਤੇ ਸੀਟੀ ਸਕੈਨ ਮੁਫ਼ਤ ਕੀਤੇ ਜਾਣਗੇ।