ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਟੀਮ ਵੱਲੋਂ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ 120 ਵਿਅਕਤੀਆਂ ਲਈ ਰੋਜ਼ਾਨਾ ਜ਼ਰੂਰਤ ਦਾ ਸਾਮਾਨ ਇਥੇ ਤਿਹਾੜ ਜੇਲ੍ਹ ਵਿਚ ਪਹੁੰਚਾਇਆ ਗਿਆ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 120 ਵਿਅਕਤੀ ਜੋ ਤਿਹਾੜੇ ਜੇਲ੍ਹ ਵਿਚ ਬੰਦ ਹਨ, ਦੇ ਪਰਿਵਾਰਕ ਮੈਂਬਰਾਂ ਦੇ ਫੋਨ ਦਿੱਲੀ ਗੁਰਦੁਆਰਾ ਕਮੇਟੀ ਨੂੰ ਆ ਰਹੇ ਹਨ ਕਿਉਂਕਿ ਉਹ ਚਿੰਤਤ ਹਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਇਨ੍ਹਾਂ ਸਾਰੇ 120 ਜੀਆਂ ਦਾ ਖਿਆਲ ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਰੱਖੇਗਾ ਤੇ ਇਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਸਿਰਸਾ ਨੇ ਦੱਸਿਆ ਕਿ ਅੱਜ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੀਆਂ ਵੱਖ-ਵੱਖ ਟੀਮਾਂ ਬਣਾਈਆਂ ਹਨ, ਜੋ ਤਿਹਾੜ ਜੇਲ੍ਹ ਅੰਦਰ ਵੱਖ-ਵੱਖ ਬੈਰਕਾਂ ਵਿਚ ਜਾ ਕੇ ਸਾਰੇ 120 ਲੋਕਾਂ ਨੂੰ ਰੋਜ਼ਾਨਾ ਦੀ ਜ਼ਰੂਰਤ ਦੇ ਸਾਮਾਨ ਦੀ ਬਣਾਈ ਇਹ ਕਿੱਟ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕਿੱਟ ਵਿਚ ਕੰਬਲ, ਟਰੈਕ ਸੂਟ, ਕਛਹਿਰੇ, ਗਰਮ ਕਪੜੇ, ਸਾਬਣ ਤੇਲ, ਜੁਰਾਬਾਂ ਤੇ ਦਸਤਾਰ ਸਾਮਾਨ ਸ਼ਾਮਲ ਹੈ। ਇਸ ਦੌਰਾਨ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਦੱਸਿਆ ਕਿ ਕਮੇਟੀ ਵੱਲੋਂ ਇਹ ਸਾਮਾਨ ਹਰ ਜੀਅ ਦਾ ਪਹੁੰਚਾਇਆ ਜਾ ਰਿਹਾ ਹੈ ਤੇ ਲੋੜ ਅਨੁਸਾਰ ਹੋਰ ਵੀ ਸਾਮਾਨ ਪਹੁੰਚਾਇਆ ਜਾਵੇਗਾ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਕਮੇਟੀ ਦਾ ਲੀਗਲ ਸੈੱਲ ਤੇ ਕਮੇਟੀ ਵੱਲੋਂ ਇਸ ਮਾਮਲੇ ਵਿਚ ਨਾਲ ਜੋੜੇ ਹੋਰ ਵਕੀਲਾਂ ਦੀ ਟੀਮ ਇਨ੍ਹਾਂ ਸਾਰੇ ਵਿਅਕਤੀਆਂ ਦੀ ਜ਼ਮਾਨਤ ਕਰਵਾਉਣ ਲਈ ਯਤਨਸ਼ੀਲ ਹੈ ਤੇ ਸਭ ਤੋਂ ਪਹਿਲਾਂ ਇਨ੍ਹਾਂ ਦੀ ਜ਼ਮਾਨਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਕਿਸਾਨ ਸੰਘਰਸ਼ ਵਾਸਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਤੇ ਕਿਸੇ ਵੀ ਕਿਸਮ ਦੀ ਮੁਸ਼ਕਿਲ ਕਿਸਾਨਾਂ ਨੁੰ ਨਹੀਂ ਆਉਣ ਦਿੱਤੀ ਜਾਵੇਗੀ।
ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਸਿਰਸਾ ਵੱਲੋਂ ਨਿਖੇਧੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ‘ਤੇ ਜਲਾਲਾਬਾਦ ਵਿਚ ਹੋਏ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਹਮਲੇ ਨੂੰ ਲੋਕਤੰਤਰ ਅਤੇ ਸੰਵਿਧਾਨ ‘ਤੇ ਹੋਇਆ ਹਮਲਾ ਕਰਾਰ ਦਿੱਤਾ। ਇਥੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਵਿਚ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਦੀ ਅਗਵਾਈ ਹੇਠ ਸਮੁੱਚੀ ਟੀਮ ਨੇ ਇਸ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਵਿਧਾਇਕ, ਉਸ ਦੇ ਪੁੱਤਰ ਤੇ ਹੋਰ ਸਮਰਥਕਾਂ ‘ਤੇ ਤੁਰੰਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੁੰ ਜੇਲ੍ਹ ਭੇਜਿਆ ਜਾਵੇ।